#INDIA

ਉੱਤਰੀ ਭਾਰਤ ‘ਚ ਭੂਚਾਲ ਦੇ ਝਟਕੇ; ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ

ਨਵੀਂ ਦਿੱਲੀ/ਇਸਲਾਮਾਬਾਦ, 12 ਜਨਵਰੀ (ਪੰਜਾਬ ਮੇਲ)- ਉੱਤਰੀ ਭਾਰਤ ਸਣੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦਾ ਹਿੰਦੂ ਕੁਸ਼ ਖਿੱਤਾ ਸੀ। ਪਾਕਿਸਤਾਨ ਮੌਸਮ ਵਿਗਿਆਨ ਵਿਭਾਗ (ਪੀ.ਐੱਮ.ਡੀ.) ਨੇ ਐਕਸ ‘ਤੇ ਇੱਕ ਪੋਸਟ ਵਿਚ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 2:20 ਵਜੇ ਪਾਕਿਸਤਾਨ ‘ਚ ਰਿਕਟਰ ਪੈਮਾਨੇ ‘ਤੇ 6.0 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ, ਜਦਕਿ ਅਫ਼ਗਾਨਿਸਤਾਨ ਵਿਚ 6.1 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਉੱਤਰੀ ਭਾਰਤ ਵਿਚ ਨਵੀਂ ਦਿੱਲੀ, ਚੰਡੀਗੜ੍ਹ ਸਣੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸਲਾਮਾਬਾਦ, ਲਾਹੌਰ, ਸਰਗੋਧਾ, ਖੁਸ਼ਾਬ ਅਤੇ ਇਸ ਦੇ ਨੇੜਲੇ ਇਲਾਕਿਆਂ ਮੰਡੀ ਬਹਾਉਦੀਨ, ਭਾਕਰ ਅਤੇ ਨੌਸ਼ਹਿਰਾ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।