ਪੈਰਿਸ, 16 ਸਤੰਬਰ (ਪੰਜਾਬ ਮੇਲ)- ਉੱਤਰੀ ਫਰਾਂਸ ਤੋਂ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਘੱਟ ਤੋਂ ਘੱਟ ਅੱਠ ਜਣਿਆਂ ਦੀ ਮੌਤ ਹੋ ਗਈ। ਫਰਾਂਸੀਸੀ ਸਮੁੰਦਰੀ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਅਧਿਕਾਰੀਆਂ ਨੇ ਉੱਤਰੀ ਸ਼ਹਿਰ ਐਂਬਲੇਟਿਊਸ ‘ਚ ਇੱਕ ਸਮੁੰਦਰੀ ਤੱਟ ਨੇੜੇ ਇੱਕ ਬੇੜੀ ਸੰਕਟ ‘ਚ ਘਿਰੀ ਦੇਖੀ, ਜਿਸ ‘ਤੇ ਦਰਜਨਾਂ ਲੋਕ ਸਵਾਰ ਸਨ। ਚੈਨਲ ਤੇ ਉੱਤਰੀ ਸਾਗਰ ਦੇ ਇੰਚਾਰਜ ਫਰਾਂਸੀਸੀ ਸਮੁੰਦਰੀ ਅਧਿਕਾਰੀਆਂ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਇੱਕ ਫਰਾਂਸੀਸੀ ਬਚਾਅ ਬੇੜਾ ਖੇਤਰ ‘ਚ ਤਾਇਨਾਤ ਕੀਤਾ ਗਿਆ ਅਤੇ ਬਚਾਅ ਕਰਮੀਆਂ ਨੇ ਸਮੁੰਦਰੀ ਤੱਟ ‘ਤੇ 53 ਪ੍ਰਵਾਸੀਆਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕੀਤੀ। ਬਿਆਨ ‘ਚ ਕਿਹਾ ਗਿਆ, ‘ਤੁਰੰਤ ਮਦਦ ਮੁਹੱਈਆ ਕਰਵਾਏ ਜਾਣ ਦੇ ਬਾਵਜੂਦ ਅੱਠ ਲੋਕਾਂ ਦੀ ਮੌਤ ਹੋ ਗਈ।’ ਇਸ ਵਿਚ ਕਿਹਾ ਗਿਆ ਕਿ ਸਮੁੰਦਰ ‘ਚ ਤਲਾਸ਼ੀ ਮੁਹਿੰਮ ਦੌਰਾਨ ਕੋਈ ਵਿਅਕਤੀ ਨਹੀਂ ਮਿਲਿਆ।