ਸਿਓਲ, 21 ਦਸੰਬਰ (ਪੰਜਾਬ ਮੇਲ)-ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਵਿਚ ਸ਼ਾਮਲ ਸੈਨਿਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੇਸ਼ ਦੀ ਇਹ ਨੀਤੀ ਹੈ ਕਿ ਦੁਸ਼ਮਣ ਦੇਸ਼ਾਂ ਵੱਲੋਂ ਉਕਸਾਏ ਜਾਣ ‘ਤੇ ਪ੍ਰਮਾਣੂ ਹਮਲਾ ਕਰਨ ਤੋਂ ਨਹੀਂ ਝਿਜਕਣਗੇ। ਉੱਤਰੀ ਕੋਰੀਆ ਵਿਚ ਪਿਛਲੇ ਸਾਲ ਤੋਂ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਵਿਚ ਵਾਧਾ ਹੋਇਆ ਹੈ ਅਤੇ ਦੇਸ਼ ਦੇ ਨੇਤਾ ਕਿਮ ਜੋਂਗ ਉਨ ਕਈ ਵਾਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦੇ ਚੁੱਕੇ ਹਨ।
ਹਾਲਾਂਕਿ ਕਈ ਵਿਦੇਸ਼ੀ ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਅਜੇ ਤੱਕ ਸਮਰੱਥ ਪ੍ਰਮਾਣੂ ਮਿਜ਼ਾਈਲਾਂ ਹਾਸਲ ਨਹੀਂ ਕੀਤੀਆਂ ਹਨ। ਉੱਤਰੀ ਕੋਰੀਆ ਨੇ ਸੋਮਵਾਰ ਨੂੰ ਪੰਜ ਮਹੀਨਿਆਂ ਵਿਚ ਆਪਣੀ ਪਹਿਲੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਉੱਤਰੀ ਕੋਰੀਆ ਨੇ ਆਪਣੇ ਪਰਮਾਣੂ ਪ੍ਰੋਗਰਾਮਾਂ ਨੂੰ ਹੁਲਾਰਾ ਦੇਣ ਲਈ ਅਮਰੀਕਾ-ਦੱਖਣੀ ਕੋਰੀਆ ਦੀ ਹਾਲੀਆ ਮੀਟਿੰਗ ਦਾ ਹਵਾਲਾ ਦਿੱਤਾ ਹੈ।
ਉੱਤਰੀ ਕੋਰੀਆ ਦੀ ਕੇਂਦਰੀ ਸਮਾਚਾਰ ਏਜੰਸੀ (ਕੇ.ਸੀ.ਐੱਨ.ਏ.) ਨੇ ਇਕ ਰਿਪੋਰਟ ਵਿਚ ਕਿਹਾ ਕਿ ਕਿਮ ਨੇ ਬੁੱਧਵਾਰ ਨੂੰ ਜਨਰਲ ਮਿਜ਼ਾਈਲ ਬਿਊਰੋ ਵਿਚ ਸੈਨਿਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਠੋਸ ਈਂਧਨ ਹਵਾਸੌਂਗ-18 ਮਿਜ਼ਾਈਲ ਦੇ ਲਾਂਚ ‘ਤੇ ਵਧਾਈ ਦਿੱਤੀ। ਕਿਮ ਨੇ ਕਿਹਾ ਕਿ ਜੇਕਰ ਦੁਸ਼ਮਣ ਉਸਨੂੰ ਪ੍ਰਮਾਣੂ ਹਥਿਆਰਾਂ ਨਾਲ ਉਕਸਾਉਂਦਾ ਹੈ, ਤਾਂ ਉਹ ਪ੍ਰਮਾਣੂ ਹਮਲੇ ਤੋਂ ਨਹੀਂ ਝਿਜਕਣਗੇ।