ਊਧਮ ਸਿੰਘ ਨਗਰ (ਉੱਤਰਾਖੰਡ)/ ਨਵੀਂ ਦਿੱਲੀ, 28 ਮਾਰਚ : ਅੱਜ ਸਵੇਰੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਪ੍ਰਧਾਨ ਬਾਬਾ ਤਰਸੇਮ ਸਿੰਘ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉੱਤਰਾਖੰਡ ਪੁਲੀਸ ਹੈੱਡਕੁਆਰਟਰ ਨੇ ਵਿਸ਼ੇਸ਼ ਟਾਸਕ ਫੋਰਸ ਅਤੇ ਸਥਾਨਕ ਪੁਲੀਸ ਦੇ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਹੈ। ਸ਼ਾਂਤੀ ਬਣਾਈ ਰੱਖਣ ਲਈ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਨਾਨਕਮੱਤਾ ਇਲਾਕੇ ਵਿੱਚ ਵੀ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਪੁਲੀਸ ਨੇ ਸਿੱਖਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਪੁਲੀਸ ਅਨੁਸਾਰ ਬਾਬਾ ਤਰਸੇਮ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਖਟੀਮਾ ਦੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੋਸ਼ੀਆਂ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉੱਤਰਾਖੰਡ ਪੁਲੀਸ ਦੇ ਮੁਖੀ ਅਭਿਨਵ ਕੁਮਾਰ ਨੇ ਦੱਸਿਆ, ‘ਸਾਨੂੰ ਅੱਜ ਸਵੇਰੇ 7 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਸਵੇਰੇ 6.15-6.30 ਦਰਮਿਆਨ ਦੋ ਨਕਾਬਪੋਸ਼ ਹਮਲਾਵਰ ਨਾਨਕਮੱਤਾ ਗੁਰਦੁਆਰੇ ਵਿੱਚ ਦਾਖ਼ਲ ਹੋਏ ਅਤੇ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰ ਦਿੱਤੀ।’ ਸੂਤਰਾਂ ਅਨੁਸਾਰ ਬਾਬਾ ਤਰਸੇਮ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਦਾ ਸਬੰਧ ਪੰਜਾਬ ਨਾਲ ਹੈ। ਇਹ ਕਤਲ ਕਾਰ ਸੇਵਾ ਜਾਂ ਧਾਰਮਿਕ ਸਥਾਨਾਂ ਨਾਲ ਜੁੜੇ ਵਿਵਾਦਾਂ ਕਾਰਨ ਕੀਤੇ ਜਾਣ ਦਾ ਸ਼ੱਕ ਹੈ।