#INDIA

ਉੱਤਰਕਾਸ਼ੀ ‘ਚ 16 ਦਿਨਾਂ ਤੋਂ ਸਿਲਕਿਆਰਾ ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ

ਉੱਤਰਕਾਸ਼ੀ, 28 ਨਵੰਬਰ (ਦਲਜੀਤ ਕੌਰ/ਪੰਜਾਬ ਮੇਲ)- ਉੱਤਰਾਖੰਡ ਦੇ ਉੱਤਰਕਾਸ਼ੀ ‘ਚ 16 ਦਿਨਾਂ ਤੋਂ ਸਿਲਕਿਆਰਾ ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਆਗਰ ਮਸ਼ੀਨ ਦਾ ਬਲੇਡ ਟੁੱਟਣ ਮਗਰੋਂ ਰੈਸਕਿਊ ਆਪਰੇਸ਼ਨ ‘ਚ ਮੁਸ਼ਕਲ ਆਈ, ਜਿਸ ਤੋਂ ਬਾਅਦ ਹੁਣ ਭਾਰਤੀ ਫ਼ੌਜ ਨੇ ਖ਼ੁਦ ਮੋਰਚਾ ਸੰਭਾਲਿਆ ਸੀ। ਦੱਸਣਯੋਗ ਹੈ ਕਿ ਚਾਰਧਾਮ ਯਾਤਰਾ ਮਾਰਗ ‘ਤੇ ਬਣ ਰਹੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ, ਜਿਸ ਨਾਲ ਇਸ ‘ਚ ਕੰਮ ਕਰ ਰਹੇ 41 ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਨੂੰ ਅੱਜ ਪੂਰੇ 16 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਮਜ਼ਦੂਰਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾਵੇਗਾ, ਜਿਸ ਲਈ ਗ੍ਰੀਨ ਕੋਰੀਡੋਰ ਤਿਆਰ ਕੀਤਾ ਗਿਆ ਹੈ। ਰੈਸਕਿਊ ਟੀਮਾਂ ਨੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਕੱਪੜੇ ਅਤੇ ਬੈਗ ਤਿਆਰ ਰੱਖਣ ਲਈ ਕਿਹਾ ਹੈ। ਉੱਤਰਕਾਸ਼ੀ ਦੇ ਚਿਨਿਆਲੀਸੌੜ ਕਸਬੇ ‘ਚ ਚਿਨੂਕ ਤਾਇਨਾਤ ਕੀਤੇ ਗਏ ਹਨ। ਇਹ ਇਸ ਐਮਰਜੈਂਸੀ ਸਥਿਤੀ ਲਈ ਹੈ, ਕਿ ਜੇਕਰ ਕਿਸੇ ਮਜ਼ਦੂਰ ਦੀ ਸਿਹਤ ਜ਼ਿਆਦਾ ਵਿਗੜਦੀ ਹੈ ਤਾਂ ਉਨ੍ਹਾਂ ਨੂੰ ਜਲਦੀ ਹੀ ਦੇਹਰਾਦੂਨ ਅਤੇ ਰਿਸ਼ੀਕੇਸ਼ ‘ਚ ਬਿਹਤਰ ਵਿਵਸਥਾ ਲਈ ਲਿਜਾਇਆ ਜਾ ਸਕੇ।