#Featured

ਉੱਘੇ ਕਾਲਮ ਨਵੀਸ, ਸਾਹਿਤਕਾਰ ਅਤੇ ਬਹੁਪੱਖੀ ਸ਼ਖ਼ਸੀਅਤ ਸੁੱਚਾ ਸਿੰਘ ਕਲੇਰ ‘ਸਰਵੋਤਮ ਸਾਹਿਤਕਾਰ ਐਵਾਰਡ’ ਨਾਲ ਸਨਮਾਨਿਤ

ਸਰੀ, 2 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬੀਤੇ ਦਿਨੀਂ ਆਪਣਾ ਸਾਲਾਨਾ ਸਮਾਗਮ ਸਰੀ ਵਿਖੇ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਪੰਜਾਬੀ ਦੇ ਉੱਘੇ ਕਾਲਮ ਨਵੀਸ, ਸਾਹਿਤਕਾਰ ਅਤੇ ਬਹੁਪੱਖੀ ਸ਼ਖ਼ਸੀਅਤ ਸੁੱਚਾ ਸਿੰਘ ਕਲੇਰ ਨੂੰ ਸਾਲ 2024 ਲਈ ‘ਸਰਵੋਤਮ ਸਾਹਿਤਕਾਰ ਐਵਾਰਡ’ ਨਾਲ ਸਨਮਾਨਿਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਰਾਏ ਅਜ਼ੀਜ਼ ਉਲਾ ਖਾਨ, ਅਜਮੇਰ ਰੋਡੇ ਅਤੇ ਹਰਪਾਲ ਸਿੰਘ ਬਰਾੜ ਨੇ ਕੀਤੀ। ਸਮਾਗਮ ਵਿਚ ਸਾਹਿਤਕ, ਸਮਾਜਿਕ ਅਤੇ ਕਾਰੋਬਾਰੀ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਸੁੱਚਾ ਸਿੰਘ ਕਲੇਰ ਦੇ ਜੀਵਨ, ਉਨ੍ਹਾਂ ਦੇ ਪੱਤਰਕਾਰੀ ਅਤੇ ਸਾਹਿਤਕ ਕਾਰਜ, ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਲਈ ਕੀਤੇ ਉਦਮ ਅਤੇ ਪੰਜਾਬੀ ਭਾਈਚਾਰੇ ਲਈ ਪਾਏ ਬੇਹੱਦ ਯੋਗਦਾਨ ਦੀ ਸ਼ਲਾਘਾ ਕਰਦਿਆਂ ਪ੍ਰਸਿੱਧ ਸਾਹਿਤਕਾਰ ਹਰਚੰਦ ਸਿੰਘ ਬਾਗੜੀ ਨੇ ਕਿਹਾ ਕਿ ਸੁੱਚਾ ਸਿੰਘ ਕਲੇਰ ਦੇ ਦਿਲ ਅੰਦਰ ਭਾਈਚਾਰੇ ਦੀ ਪਛਾਣ ਅਤੇ ਤਰੱਕੀ ਲਈ ਅਥਾਹ ਜਜ਼ਬਾ ਹੈ। ਉਨ੍ਹਾਂ ਵੱਲੋਂ ਵੈਨਕੂਵਰ ਵਿਚ ਪੰਜਾਬੀ ਮਾਰਕੀਟ ਦੀ ਸਥਾਪਨਾ ਲਈ ਕੀਤੀ ਘਾਲਣਾ ਅਤੇ ਸੰਘਰਸ਼ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਹ ਬਹੁਤ ਹੀ ਨੇਕ ਇਨਸਾਨ ਹਨ। ਭਾਈਚਾਰੇ ਦਾ ਸਹੀ ਮਾਰਗ ਦਰਸ਼ਨ ਕਰਨ ਵਿਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਹੈ।
ਕਾਰੋਬਾਰੀ ਖੇਤਰ ਦੀ ਨਾਮਵਰ ਸ਼ਖ਼ਸੀਅਤ ਬਲਦੇਵ ਸਿੰਘ ਬਾਠ ਨੇ ਸੁੱਚਾ ਸਿੰਘ ਕਲੇਰ ਨੂੰ ਬੇਹੱਦ ਸਬਰ ਸੰਤੋਖ ਅਤੇ ਠਰੰ੍ਹਮੇ ਦਾ ਮਾਲਕ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਅਨੇਕਾਂ ਕਾਰੋਬਾਰੀਆਂ ਨੂੰ ਯੋਗ ਅਗਵਾਈ ਪ੍ਰਦਾਨ ਕੀਤੀ ਹੈ। ਪ੍ਰਿਤਪਾਲ ਸਿੰਘ ਗਿੱਲ ਨੇ ਕਿਹਾ ਕਿ ਸੁੱਚਾ ਸਿੰਘ ਕਲੇਰ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵਾਸਤੇ ਲੰਮਾਂ ਸਮਾਂ ਸੇਵਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਸਦਕਾ ਅੱਜ ਇਹ ਸਭਾ ਭਾਈਚਾਰੇ ‘ਚ ਮਾਣਮੱਤਾ ਸਥਾਨ ਹਾਸਲ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਕਲੇਰ ਦਾ ਸਨਮਾਨ ਅਸਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਹੀ ਸਨਮਾਨ ਹੈ। ਰਾਇ ਅਜ਼ੀਜ਼ ਉਲਾ ਖਾਨ ਨੇ ਸੁੱਚਾ ਸਿੰਘ ਕਲੇਰ ਵੱਲੋਂ ਪੰਜਾਬੀ ਕਮਿਊਨਿਟੀ ਲਈ ਪਾਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਦੇ ਕਾਰਜ ਨੂੰ ਸ਼ੁੱਭ ਕਦਮ ਦੱਸਿਆ।
ਸਾਬਕਾ ਮੰਤਰੀ ਦੇਵ ਹੇਅਰ ਨੇ ਸੁੱਚਾ ਸਿੰਘ ਕਲੇਰ ਨਾਲ ਆਪਣੇ ਲੰਮੇਰੇ ਸੰਬੰਧਾਂ ਦੀ ਗੱਲ ਕੀਤੀ ਅਤੇ ਉਨ੍ਹਾਂ ਵੱਲੋਂ ‘ਇੰਡੋ ਕੈਨੇਡੀਅਨ ਟਾਈਮਜ਼’ ਅਖ਼ਬਾਰ ਅਤੇ ਭਾਈਚਾਰੇ ਲਈ ਕੀਤੇ ਕਾਰਜ ਦੀ ਸ਼ਲਾਘਾ ਕੀਤੀ। ਪ੍ਰੋਫੈਸਰ ਕਸ਼ਮੀਰਾ ਸਿੰਘ, ਮੋਤਾ ਸਿੰਘ ਝੀਤਾ, ਸੁਰਜੀਤ ਸਿੰਘ ਮਾਧੋਪੁਰੀ, ਹਰਪਾਲ ਸਿੰਘ ਬਰਾੜ, ਕਵਿੰਦਰ ਚਾਂਦ, ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ, ਦਰਸ਼ਨ ਸੰਘਾ, ਪਰਮਿੰਦਰ ਸਵੈਚ, ਅਜਮੇਰ ਰੋਡੇ, ਸੁਰਜੀਤ ਕਲਸੀ, ਜੋਗਿੰਦਰ ਸਿੰਘ ਸੁੰਨੜ, ਹਰਜਿੰਦਰ ਸਿੰਘ ਠਾਣਾ, ਪਲਵਿੰਦਰ ਸਿੰਘ ਰੰਧਾਵਾ ਅਤੇ ਹਰਜੀਤ ਕੌਰ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਸੁੱਚਾ ਸਿੰਘ ਕਲੇਰ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਸ ਸਰਵੋਤਮ ਅਵਾਰਡ ਲਈ ਉਨ੍ਹਾਂ ਦੀ ਚੋਣ ਕਰਨ ‘ਤੇ ਸਭਾ ਅਤੇ ਸ. ਕਲੇਰ ਨੂੰ ਵਧਾਈ ਦਿੱਤੀ। ਇਨ੍ਹਾਂ ਬੁਲਾਰਿਆਂ ਨੇ ਸੁੱਚਾ ਸਿੰਘ ਕਲੇਰ ਨੂੰ ਇੱਕ ਸੁੱਚਾ ਮੋਤੀ ਦੱਸਿਆ ਅਤੇ ਇਸ ਹੀਰੇ ਦੀ ਪਛਾਣ ਕਰਨ ਲਈ ਸਭਾ ਦਾ ਧੰਨਵਾਦ ਕੀਤਾ।
ਸਨਮਾਨਿਤ ਸ਼ਖਸੀਅਤ ਸੁੱਚਾ ਸਿੰਘ ਕਲੇਰ ਨੇ ਇਸ ਮੌਕੇ ਸਮਾਗਮ ਵਿਚ ਹਾਜ਼ਰ ਸਭਨਾਂ ਪ੍ਰਸ਼ੰਸਕਾਂ, ਸਨੇਹੀਆਂ, ਬੁਲਾਰਿਆਂ, ਵਿਦਵਾਨਾਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਇਸ ਸਨਮਾਨ ਸਮੁੱਚੇ ਭਾਈਚਾਰੇ ਵੱਲੋਂ ਮਿਲੇ ਸਹਿਯੋਗ, ਪਿਆਰ, ਸਤਿਕਾਰ ਦਾ ਪ੍ਰਤੀਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਇਸ ਗੱਲ ਬੇਹੱਦ ਖੁਸ਼ੀ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਉਤਰੀ ਅਮਰੀਕਾ) ਦਾ ਜੋ ਬੂਟਾ ਅਸੀਂ ਆਪਣੇ ਹੱਥੀਂ ਲਾਇਆ ਸੀ, ਅੱਜ ਉਹ ਇੱਕ ਘਣਛਾਵਾਂ ਰੁੱਖ ਬਣ ਚੁੱਕਾ ਹੈ ਅਤੇ ਅੱਜ ਅਸੀਂ ਉਸ ਦੀ ਸੰਘਣੀ ਛਾਂ ਮਾਣ ਰਹੇ ਹਾਂ।
ਅੰਤ ਵਿਚ ਦਰਸ਼ਕਾਂ ਦੇ ਭਰਵੇਂ ਇਕੱਠ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਸੁੱਚਾ ਸਿੰਘ ਕਲੇਰ ਨੂੰ ‘ਸਰਵੋਤਮ ਸਾਹਿਤਕਾਰ ਐਵਾਰਡ-2024’ ਪ੍ਰਦਾਨ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਸੁੱਚਾ ਸਿੰਘ ਕਲੇਰ ਦਾ ਸਮੁੱਚਾ ਪਰਿਵਾਰ ਵੀ ਮੌਜੂਦ ਸੀ। ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਮਾਗਮ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਤਮਾਮ ਹਾਜ਼ਰੀਨ ਦਾ ਧੰਨਵਾਦ ਕੀਤਾ।