#INDIA

ਉੜੀਸਾ ’ਚ ਲੂ ਲੱਗਣ ਕਾਰਨ ਤਿੰਨ ਦਿਨਾਂ ’ਚ 20 ਮੌਤਾਂ

ਭੁਵਨੇਸ਼ਵਰ, 3 ਜੂਨ (ਪੰਜਾਬ ਮੇਲ)- ਉੜੀਸਾ ’ਚ ਪਿਛਲੇ ਤਿੰਨ ਦਿਨਾਂ ਦੌਰਾਨ ਲੂ ਲੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ ਕਿਉਂਕਿ ਸੂਬਾ ਅਤਿ ਦੀ ਗਰਮੀ ਨਾਲ ਜੂਝ ਰਿਹਾ ਹੈ। ਸ਼ੁੱਕਰਵਾਰ ਤੋਂ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੂ ਲੱਗਣ ਕਾਰਨ ਕਥਿਤ 99 ਮੌਤਾਂ ਹੋਈਆਂ ਹਨ। ਪੋਸਟਮਾਰਟਮ ਅਤੇ ਜਾਂਚ ਤੋਂ ਬਾਅਦ 20 ਮੌਤਾਂ ਲੂ ਲੱਗਣ ਕਾਰਨ ਹੋਣ ਦੀ ਪੁਸ਼ਟੀ ਕੀਤੀ ਗਈ, ਜਦੋਂ ਕਿ ਦੋ ਮੌਤਾਂ ਹੋਰ ਕਾਰਨਾਂ ਕਰਕੇ ਹੋਈਆਂ ਅਤੇ ਬਾਕੀ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਬੋਲਾਂਗੀਰ, ਸੰਬਲਪੁਰ, ਝਾਰਸੁਗੁੜਾ, ਕੇਉਂਝਾਰ, ਸੋਨੇਪੁਰ, ਸੁੰਦਰਗੜ੍ਹ ਅਤੇ ਬਾਲਾਸੋਰ ਜ਼ਿਲ੍ਹਿਆਂ ਤੋਂ ਹੋਈਆਂ ਹਨ। ਮੁੱਖ ਸਕੱਤਰ ਪ੍ਰਦੀਪ ਕੁਮਾਰ ਜੇਨਾ ਅਤੇ ਵਿਸ਼ੇਸ਼ ਰਾਹਤ ਕਮਿਸ਼ਨਰ ਸਤਿਆਬ੍ਰਤ ਸਾਹੂ ਨੇ ਐਤਵਾਰ ਨੂੰ ਜ਼ਿਲ੍ਹਾ ਕੁਲੈਕਟਰਾਂ ਨਾਲ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਉਹ ਅਤਿ ਦੀ ਗਰਮੀ ਬਾਰੇ ਐਡਵਾਈਜ਼ਰੀ ਜਾਰੀ ਕਰਨ ਅਤੇ ਜਲਦ ਤੋਂ ਜਲਦ ਸਾਵਧਾਨੀ ਦੇ ਉਪਾਅ ਕੀਤੇ ਜਾਣ।