#INDIA

ਉਨਾਓ ਬਲਾਤਕਾਰ ਪੀੜਤਾ ਵੱਲੋਂ ਸੀ.ਬੀ.ਆਈ. ਜਾਂਚ ਅਧਿਕਾਰੀ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦੀ ਮੰਗ

-ਸਾਬਕਾ ਵਿਧਾਇਕ ਸੇਂਗਰ ਨਾਲ ਮਿਲੀਭੁਗਤ ਅਤੇ ਤੱਥਾਂ ਨਾਲ ਛੇੜਛਾੜ ਦੇ ਲਾਏ ਗੰਭੀਰ ਦੋਸ਼
ਨਵੀਂ ਦਿੱਲੀ, 27 ਦਸੰਬਰ (ਪੰਜਾਬ ਮੇਲ)- ਸਾਲ 2017 ਦੇ ਚਰਚਿਤ ਉਨਾਓ ਬਲਾਤਕਾਰ ਮਾਮਲੇ ਦੀ ਪੀੜਤਾ ਨੇ ਸੀ.ਬੀ.ਆਈ. ਕੋਲ ਪਹੁੰਚ ਕਰਕੇ ਤਤਕਾਲੀ ਜਾਂਚ ਅਧਿਕਾਰੀ (ਆਈ.ਓ.) ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ।
ਪੀੜਤਾ ਦਾ ਦੋਸ਼ ਹੈ ਕਿ ਜਾਂਚ ਅਧਿਕਾਰੀ ਨੇ ਦੋਸ਼ੀ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨਾਲ ਮਿਲੀਭੁਗਤ ਕਰਕੇ ਜਾਂਚ ਵਿਚ ਜਾਣਬੁੱਝ ਕੇ ਲਾਪ੍ਰਵਾਹੀਆਂ ਕੀਤੀਆਂ ਅਤੇ ਤੱਥਾਂ ਨੂੰ ਤੋੜਿਆ-ਮਰੋੜਿਆ, ਤਾਂ ਜੋ ਦੋਸ਼ੀਆਂ ਨੂੰ ਅਦਾਲਤ ਵਿਚ ਫਾਇਦਾ ਮਿਲ ਸਕੇ।
ਪੀੜਤਾ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵੱਖ-ਵੱਖ ਪਾਸਿਆਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿਚ ਸੇਂਗਰ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਦਿਆਂ ਉਸ ਨੂੰ ਸ਼ਰਤੀਆ ਜ਼ਮਾਨਤ ਦਿੱਤੀ ਹੈ।
ਪੀੜਤਾ ਨੇ ਆਪਣੀ 6 ਪੰਨਿਆਂ ਦੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਜਾਂਚ ਅਧਿਕਾਰੀ ਨੇ ਚਾਰਜਸ਼ੀਟ ਵਿਚ ਸਕੂਲ ਦੇ ਫਰਜ਼ੀ ਦਸਤਾਵੇਜ਼ ਸ਼ਾਮਲ ਕੀਤੇ ਅਤੇ ਉਸ ਦੀ ਜਨਮ ਮਿਤੀ ਵੀ ਗਲਤ ਦਿਖਾਈ। ਇਸ ਤੋਂ ਇਲਾਵਾ, ਉਸ ਦੇ ਨਾਂ ‘ਤੇ ਕਈ ਅਜਿਹੇ ਬਿਆਨ ਦਰਜ ਕੀਤੇ ਗਏ, ਜੋ ਉਸ ਨੇ ਕਦੇ ਦਿੱਤੇ ਹੀ ਨਹੀਂ ਸਨ।
ਪੀੜਤਾ ਨੇ ਟਰਾਇਲ ਕੋਰਟ ਦੀ ਉਸ ਟਿੱਪਣੀ ਦਾ ਵੀ ਹਵਾਲਾ ਦਿੱਤਾ, ਜਿਸ ਵਿਚ ਅਦਾਲਤ ਨੇ ਜਾਂਚ ਦੀ ਨਿਰਪੱਖਤਾ ‘ਤੇ ਸਵਾਲ ਚੁੱਕੇ ਸਨ ਅਤੇ ਕਿਹਾ ਸੀ ਕਿ ਅਜਿਹਾ ਲੱਗਦਾ ਹੈ, ਜਿਵੇਂ ਜਾਂਚ ਅਧਿਕਾਰੀ ਨੇ ਪੀੜਤਾ ਦੇ ਪੱਖ ਨੂੰ ਕਮਜ਼ੋਰ ਕਰਨ ਲਈ ਜਾਣਬੁੱਝ ਕੇ ਗਲਤ ਤਰੀਕੇ ਨਾਲ ਬਿਆਨ ਦਰਜ ਕੀਤੇ ਸਨ। ਹਾਲਾਂਕਿ ਸੈਂਗਰ ਨੂੰ ਜ਼ਮਾਨਤ ਮਿਲ ਗਈ ਹੈ, ਪਰ ਉਹ ਪੀੜਤਾ ਦੇ ਪਿਤਾ ਦੀ ਹਿਰਾਸਤੀ ਮੌਤ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਕਾਰਨ ਅਜੇ ਜੇਲ੍ਹ ਵਿਚ ਹੀ ਰਹੇਗਾ।