#PUNJAB

ਈ.ਡੀ. ਵੱਲੋਂ ਪੰਜਾਬ ਦੇ ਫਰਜ਼ੀ ਟ੍ਰੈਵਲ ਏਜੰਟਾਂ ਦੇ 13 ਟਿਕਾਣਿਆਂ ‘ਤੇ ਛਾਪੇਮਾਰੀ

ਜਲੰਧਰ, 18 ਦਸੰਬਰ (ਪੰਜਾਬ ਮੇਲ)- ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦੇ ਮਾਮਲੇ ਈ.ਡੀ. ਨੇ ਪੰਜਾਬ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਫਰਜ਼ੀ ਟ੍ਰੈਵਲ ਏਜੰਟਾਂ ‘ਤੇ ਈ.ਡੀ. ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਫਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਂਚ ਹੋਰ ਤੇਜ਼ ਕਰ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਲੰਧਰ ਜ਼ੋਨ ਟੀਮ ਨੇ ਡੌਂਕੀ ਰੂਟ ਮਾਮਲੇ ਵਿਚ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ 13 ਵਪਾਰਕ ਅਤੇ ਰਿਹਾਇਸ਼ੀ ਸਥਾਨਾਂ ‘ਤੇ ਛਾਪੇਮਾਰੀ ਕੀਤੀ। ਈ.ਡੀ. ਨੇ ਇਹ ਜਾਂਚ ਫਰਵਰੀ 2025 ਵਿਚ 330 ਭਾਰਤੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਦਰਜ ਐੱਫ.ਆਈ.ਆਰ. ਦੇ ਆਧਾਰ ‘ਤੇ ਸ਼ੁਰੂ ਕੀਤੀ ਸੀ। ਇਨ੍ਹਾਂ ਭਾਰਤੀਆਂ ਨੂੰ ਅਮਰੀਕੀ ਫ਼ੌਜੀ ਕਾਰਗੋ ਜਹਾਜ਼ ਰਾਹੀਂ ਵਾਪਸ ਭੇਜਿਆ ਗਿਆ ਸੀ।
ਜਾਂਚ ਵਿਚ ਸਾਹਮਣੇ ਆਇਆ ਕਿ ਇਨ੍ਹਾਂ ਵਿਅਕਤੀਆਂ ਨੂੰ ਡੌਂਕੀ ਰੂਟ ਰਾਹੀਂ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਭੇਜਿਆ ਗਿਆ ਸੀ। ਇਸ ਕਾਰਵਾਈ ਦੇ ਪਿੱਛੇ ਟ੍ਰੈਵਲ ਏਜੰਟਾਂ, ਵਿਚੋਲਿਆਂ, ਡੌਂਕਰਾਂ, ਵਿਦੇਸ਼ਾਂ ਵਿਚ ਸਹਿਯੋਗੀਆਂ, ਹਵਾਲਾ ਸੰਚਾਲਕਾਂ ਅਤੇ ਰਿਹਾਇਸ਼ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਾਲੇ ਲੋਕਾਂ ਦਾ ਇਕ ਪੂਰਾ ਨੈੱਟਵਰਕ ਕੰਮ ਕਰ ਰਿਹਾ ਸੀ।
ਈ.ਡੀ. ਵੱਲੋਂ ਪਹਿਲਾਂ ਕੀਤੀਆਂ ਗਈਆਂ ਦੋ ਛਾਪੇਮਾਰੀਆਂ ਅਤੇ ਜਾਂਚ ਦੌਰਾਨ ਮਿਲੇ ਸਬੂਤਾਂ ਤੋਂ ਇਸ ਨੈੱਟਵਰਕ ਵਿਚ ਸ਼ਾਮਲ ਦੂਜੇ ਅਤੇ ਤੀਜੇ ਦਰਜੇ ਦੇ ਵਿਅਕਤੀਆਂ ਦੇ ਨਾਵਾਂ ਦਾ ਖ਼ੁਲਾਸਾ ਹੋਇਆ ਹੈ, ਜਿਨ੍ਹਾਂ ਨੂੰ ਹੁਣ ਇਸ ਕਾਰਵਾਈ ਵਿਚ ਸ਼ਾਮਲ ਕੀਤਾ ਗਿਆ ਹੈ। ਅੱਜ ਦੇ ਛਾਪਿਆਂ ਵਿਚ ਜਿਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਵਿਚ ਰਿਚੀ ਟਰੈਵਲਜ਼ (ਜਲੰਧਰ), ਤਰੁਣ ਖੋਸਲਾ (ਦਿੱਲੀ) ਅਤੇ ਬਲਵਾਨ ਸ਼ਰਮਾ (ਪਾਣੀਪਤ) ਸ਼ਾਮਲ ਹਨ। ਹਾਲ ਹੀ ਵਿਚ ਈ.ਡੀ. ਨੇ ਡੌਂਕੀ ਦੇ ਰਸਤੇ ਰਾਹੀਂ ਗੈਰ-ਕਾਨੂੰਨੀ ਪੈਸੇ ਭੇਜਣ ਵਿਚ ਸ਼ਾਮਲ ਵਿਅਕਤੀਆਂ ਦੀਆਂ 5.41 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ। ਇਸ ਵੇਲੇ ਜਾਂਚ ਜਾਰੀ ਹੈ।