#INDIA

ਈ.ਡੀ. ਵੱਲੋਂ ਕੇਜਰੀਵਾਲ ਦੇ ਪੀ.ਏ. ਤੇ ਦੁਰਗੇਸ਼ ਪਾਠਕ ਕੋਲੋਂ ਪੁੱਛ-ਪੜਤਾਲ

ਨਵੀਂ ਦਿੱਲੀ, 9 ਅਪ੍ਰੈਲ (ਪੰਜਾਬ ਮੇਲ)- ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਬਿਭਵ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਕੋਲੋਂ ਪੁੱਛ-ਪੜਤਾਲ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਦੇ ਪੀ.ਏ. ਅਤੇ ਵਿਧਾਇਕ ਦੇ ਬਿਆਨ ਮਨੀ ਲਾਂਡਰਿੰਗ ਰੋਕੂ ਐਕਟ (ਪੀ.ਐੱਮ.ਐੱਲ.ਏ.) ਦੇ ਪ੍ਰਬੰਧਾਂ ਹੇਠ ਦਰਜ ਕੀਤੇ ਗਏ ਹਨ। ਈ.ਡੀ. ਵੱਲੋਂ ਇਸ ਮਾਮਲੇ ਵਿਚ ਇਨ੍ਹਾਂ ਦੋਹਾਂ ਕੋਲੋਂ ਪਹਿਲਾਂ ਵੀ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ। ਸੂਤਰਾਂ ਨੇ ਕਿਹਾ ਕਿ ਕੇਜਰੀਵਾਲ ਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦੇ ਸਬੰਧ ਵਿਚ ਕੁਮਾਰ ਕੋਲੋਂ ਪੁੱਛ-ਪੜਤਾਲ ਜ਼ਰੂਰੀ ਹੈ। ਮੁੱਖ ਮੰਤਰੀ ਕੇਜਰੀਵਾਲ ਨੂੰ ਪਿਛਲੇ ਮਹੀਨੇ ਇਸ ਮਾਮਲੇ ‘ਚ ਈ.ਡੀ. ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਫਿਲਹਾਲ ਨਿਆਂਇਕ ਹਿਰਾਸਤ ਵਿਚ ਤਿਹਾੜ ਜੇਲ੍ਹ ਵਿਚ ਬੰਦ ਹਨ। ਏਜੰਸੀ ਨੇ ਆਪਣੇ ਪਹਿਲਾਂ ਦੇ ਦੋਸ਼ ਪੱਤਰਾਂ ਵਿਚ ਦੋਸ਼ ਲਾਇਆ ਸੀ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਕੁਮਾਰ ਸਣੇ ਘੱਟੋ-ਘੱਟ 36 ਮੁਲਜ਼ਮਾਂ ਨੇ ਕਥਿਤ ਘੁਟਾਲੇ ਵਿਚ ਹਜ਼ਾਰਾਂ ਕਰੋੜ ਰੁਪਏ ਦੀ ‘ਰਿਸ਼ਵਤ’ ਦੇ ਸਬੂਤ ਛੁਪਾਉਣ ਲਈ 170 ਫੋਨ ”ਨਸ਼ਟ ਕੀਤੇ, ਇਸਤੇਮਾਲ ਕੀਤੇ ਜਾਂ ਬਦਲ ਦਿੱਤੇ”।