#PUNJAB

ਈ.ਡੀ. ਵੱਲੋਂ ਕਾਂਗਰਸੀ ਵਿਧਾਇਕ ਤੇ ਉਸ ਦੇ ਪੁੱਤਰ ਦੀ 22 ਕਰੋੜ ਦੀ ਸੰਪਤੀ ਜ਼ਬਤ

‘ਫੇਮਾ’ ਦੇ ਨੇਮਾਂ ਦੀ ਉਲੰਘਣਾ ਦੇ ਦੋਸ਼ ਹੇਠ ਰਾਣਾ ਸ਼ੂਗਰਜ਼ ਲਿਮਟਿਡ ਖ਼ਿਲਾਫ਼ ਕੀਤੀ ਕਾਰਵਾਈ
ਜਲੰਧਰ, 5 ਅਪ੍ਰੈਲ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅੱਜ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਰਾਣਾ ਸ਼ੂਗਰ ਮਿੱਲ ਦੀ 22 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਈ.ਡੀ. ਵੱਲੋਂ ਮਿਲੀ ਜਾਣਕਾਰੀ ਮੁਤਾਬਕ ਰਾਣਾ ਗੁਰਜੀਤ ਸਿੰਘ ਦੀ ਵੱਖ-ਵੱਖ ਥਾਵਾਂ ‘ਤੇ 22 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਹ ਕਾਰਵਾਈ ਰਾਣਾ ਸ਼ੂਗਰਜ਼ ਲਿਮਟਿਡ ਦੇ 22.02 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਨੂੰ ਭਾਰਤ ਤੋਂ ਬਾਹਰ ਰੱਖਣ ਖ਼ਿਲਾਫ਼ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਤਹਿਤ ਕੀਤੀ ਗਈ ਹੈ।
ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ (ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ) ਇਸ ਕੰਪਨੀ ਦੇ ਐੱਮ.ਡੀ. ਹਨ। ਈ.ਡੀ. ਨੇ ਫੇਮਾ ਦੀ ਧਾਰਾ 37ਏ ਤਹਿਤ ਜਾਇਦਾਦਾਂ ਜ਼ਬਤ ਕੀਤੀਆਂ ਹਨ। ਈ.ਡੀ. ਵੱਲੋਂ ਰਾਣਾ ਸ਼ੂਗਰਜ਼ ਲਿਮਟਿਡ, ਇਸ ਦੇ ਪ੍ਰਮੋਟਰਾਂ, ਡਾਇਰੈਕਟਰਾਂ ਤੇ ਹੋਰਾਂ ਵਿਰੁੱਧ ਗਲੋਬਲ ਡਿਪਾਜ਼ਟਰੀ ਰਸੀਦਾਂ (ਜੀ.ਡੀ.ਆਰ.) ਜਾਰੀ ਕਰਨ ਤੇ ਪੂਰੀ ਜੀ.ਡੀ.ਆਰ. ਕਮਾਈ ਦੀ ਵਰਤੋਂ ਆਪਣੇ ਤੈਅ ਉਦੇਸ਼ ਲਈ ਨਾ ਕਰਨ ਸਬੰਧੀ ਜਾਂਚ ਕੀਤੀ ਜਾਂਚ ਕੀਤੀ ਜਾ ਰਹੀ ਹੈ।
ਈ.ਡੀ. ਦੀ ਜਾਂਚ ਮੁਤਾਬਕ ਕੁੱਲ ਜੀ.ਡੀ.ਆਰ. ਪ੍ਰਾਪਤੀਆਂ ਵਿਚੋਂ ਮੈਸਰਜ਼ ਰਾਣਾ ਸ਼ੂਗਰਜ਼ ਲਿਮਟਿਡ ਨੇ ਪੂਰੀ ਜੀ.ਡੀ.ਆਰ. ਆਮਦਨ ਭਾਰਤ ਨਹੀਂ ਭੇਜੀ ਅਤੇ 2.56 ਮਿਲੀਅਨ ਅਮਰੀਕੀ ਡਾਲਰ (22.02 ਕਰੋੜ ਰੁਪਏ) ਦੀ ਜੀ.ਡੀ.ਆਰ. ਆਮਦਨ ਭਾਰਤ ਤੋਂ ਬਾਹਰ ਰੱਖੀ। ਦੱਸਣਯੋਗ ਹੈ ਕਿ ਈ.ਡੀ. ਵੱਲੋਂ ਦਸੰਬਰ 2017 ਤੋਂ ਇਸ ਮਾਮਲੇ ਦੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।