#PUNJAB

ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ੍ਹੀ

ਸਰਕਾਰ ਸਾਡੀਆਂ ਮੰਗਾਂ ਮੰਨਣ ਦੀ ਬਜਾਏ ਟਾਲ ਮਟੋਲ ਕਰ ਰਹੀ ਹੈ: ਬੇਰੁਜ਼ਗਾਰ ਅਧਿਆਪਕ
ਸੰਗਰੂਰ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਸੰਗਰੂਰ, 14 ਨਵੰਬਰ (ਦਲਜੀਤ ਕੌਰ/ਪੰਜਾਬ ਮੇਲ)- ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈਕੇ ਪਿਛਲੇ 25 ਦਿਨਾਂ ਤੋਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਸਿਵਲ ਹਸਪਤਾਲ ਪਾਣੀ ਵਾਲੀ ਟੈਂਕੀ ਤੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਚੜ੍ਹੇ ਹੋਏ ਹਨ ਅਤੇ ਉਨ੍ਹਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ। ਅੱਜ ਵੀ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸ਼ਹਿਰ ਸੰਗਰੂਰ ਦੇ ਬਜ਼ਾਰਾਂ ‘ਚ ਸਰਕਾਰ ਦੇ ਝੂਠੇ ਵਾਅਦਿਆਂ ਦਾ ਪੋਲ ਖੋਲ੍ਹ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਆਗੂਆਂ ਬਲਵਿੰਦਰ ਕਾਕਾ ਅਤੇ ਗੁਰਪ੍ਰੀਤ ਗੋਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ 5994 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕੱਢੀ ਗਈ ਅਤੇ ਦਾ ਪੇਪਰ ਲਿਆ ਗਿਆ, ਪਰ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਵਿੱਚ ਇਸ ਗੱਲ ਦਾ ਜ਼ਬਰਦਸਤ ਰੋਸ ਹੈ ਕਿ ਪੰਜਾਬ ਸਰਕਾਰ ਹਰ ਵਾਰ ਹਾਈਕੋਰਟ ਦਾ ਬਹਾਨਾ ਬਣਾ ਕੇ ਡੰਗ ਟਪਾ ਰਹੀ ਹੈ ਅਤੇ ਭਰਤੀ ਨੂੰ ਪੂਰਾ ਕਰਨ ਲਈ ਉਸਦੀ ਕੋਈ ਪੈਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰਟ ਦੇ ਵਿੱਚ ਭਰਤੀ ਵੀ ਪੰਜਾਬ ਸਰਕਾਰ ਦੀ ਅਣਗਹਿਲੀ ਦੇ ਕਾਰਨ ਹੀ ਗਈ ਹੈ ਪਰ ਸਰਕਾਰ ਅਤੇ ਸਿੱਖਿਆ ਵਿਭਾਗ ਇਹ ਉਸਦਾ ਬਣਦਾ ਹੱਲ ਵੀ ਨਹੀਂ ਕੱਢ ਰਹੇ ਹਨ। ਹਰ ਵਾਰ ਮਾਨਯੋਗ ਹਾਈਕੋਰਟ ਵਿੱਚ ਤਰੀਖ਼-ਦਰ-ਤਰੀਖ਼ ਮਿਲ ਰਹੀ ਹੈ। ਬੇਰੁਜ਼ਗਾਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਰਹੇ ਹਨ, ਜਿਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਬੇਰੁਜ਼ਗਾਰ ਅਧਿਆਪਕ ਆਗੂਆਂ ਬਲਵਿੰਦਰ ਕਾਕਾ ਅਤੇ ਗੁਰਪ੍ਰੀਤ ਗੋਪੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨਾ ਸਮਾਂ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਇਸੇ ਤਰੀਕੇ ਭੰਡੀ ਪ੍ਰਚਾਰ ਜਾਰੀ ਰੱਖਣਗੇ ਅਤੇ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਮਾਨਯੋਗ ਹਾਈਕੋਰਟ ਵਿੱਚ ਭਰਤੀ ਦੀ ਪੈਰਵਾਈ ਕਰਕੇ ਭਰਤੀ ਨੂੰ ਹਾਈਕੋਰਟ ‘ਚੋ ਬਾਹਰ ਲੈਕੇ ਆਵੇ, ਭਰਤੀ ਵਿਚਲੇ 2994 ਬੈਕਲਾਗ ਦੀਆਂ ਪੋਸਟਾਂ ਨੂੰ ਡੀ-ਰਿਜ਼ਰਵ ਕਰਕੇ ਸਕਰੂਟਨੀ ਕਰਵਾ ਚੁੱਕੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਤੇ ਬਾਕੀ ਸੱਭ ਦੀ ਸਕਰੂਟਨੀ ਕਰਵਾ ਕੇ ਸਕੂਲਾਂ ਵਿੱਚ ਭੇਜਿਆ ਜਾਵੇ। ਇਸ ਮੌਕੇ ਬੇਰੁਜ਼ਗਾਰ ਅਧਿਆਪਕ ਵਿਸ਼ਾਲ ਕੰਬੋਜ਼, ਅਲੀਨ, ਪਰਵੀਨ, ਸੁਰਿੰਦਰ ਕੁਮਾਰ, ਮਹਿੰਦਰ ਕੁਮਾਰ, ਭੁਪਿੰਦਰ ਸਿੰਘ ਤੇ ਸੱਜਣ ਕੁਮਾਰ ਆਦਿ ਹਾਜ਼ਰ ਸਨ।