ਦੁਬਈ, 16 ਦਸੰਬਰ (ਪੰਜਾਬ ਮੇਲ)- ਇੱਕ ਵੱਖਵਾਦੀ ਸਮੂਹ ਦੇ ਸ਼ੱਕੀ ਮੈਂਬਰਾਂ ਨੇ ਦੱਖਣ-ਪੂਰਬੀ ਈਰਾਨ ਦੇ ਇੱਕ ਪੁਲਿਸ ਸਟੇਸ਼ਨ ‘ਤੇ ਰਾਤ ਵੇਲੇ ਹਮਲਾ ਕੀਤਾ, ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਈਰਾਨ ਦੇ ਸਰਕਾਰੀ ਟੀ.ਵੀ. ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਡਿਪਟੀ ਗਵਰਨਰ ਅਲੀ ਰੇਜ਼ਾ ਮਰਹੇਮਤੀ ਨੇ ਦੱਸਿਆ ਕਿ ਤਹਿਰਾਨ ਤੋਂ ਕਰੀਬ 1,400 ਕਿਲੋਮੀਟਰ ਦੂਰ ਰਸਕ ਕਸਬੇ ‘ਚ ਤੜਕੇ 2 ਵਜੇ ਹੋਏ ਹਮਲੇ ‘ਚ ਸੀਨੀਅਰ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮਾਰੇ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਕਾਬਲੇ ਵਿਚ ਕਈ ਹਮਲਾਵਰਾਂ ਨੂੰ ਮਾਰ ਦਿੱਤਾ।
ਸਰਕਾਰੀ ਟੈਲੀਵਿਜ਼ਨ ਰਿਪੋਰਟਾਂ ਨੇ ਹਮਲੇ ਲਈ ਵੱਖਵਾਦੀ ਸਮੂਹ ਜੈਸ਼ ਅਲ-ਅਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸੇ ਸਮੂਹ ਨੇ 2019 ਵਿਚ ਇੱਕ ਆਤਮਘਾਤੀ ਬੰਬ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ਵਿਚ ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਫੋਰਸ ਦੇ 27 ਮੈਂਬਰ ਮਾਰੇ ਗਏ ਸਨ। ਹਾਲ ਹੀ ਦੇ ਮਹੀਨਿਆਂ ਵਿਚ ਈਰਾਨ ਦੇ ਸੁੰਨੀ-ਪ੍ਰਭਾਵੀ ਖੇਤਰ ਵਿਚ ਅੱਤਵਾਦੀਆਂ ਅਤੇ ਛੋਟੇ ਵੱਖਵਾਦੀ ਸਮੂਹਾਂ ਨੇ ਸਰਕਾਰ ਵਿਰੁੱਧ ਬਗਾਵਤ ਦੇ ਹਿੱਸੇ ਵਜੋਂ ਪੁਲਿਸ ਸਟੇਸ਼ਨਾਂ ‘ਤੇ ਹਮਲਾ ਕੀਤਾ ਹੈ।