#CANADA

ਇੰਡੋ-ਕੈਨੇਡੀਅਨ ਐੱਮ.ਪੀ. ਰੂਬੀ ਢੱਲਾ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ‘ਚ ਲਵੇਗੀ ਹਿੱਸਾ

ਟੋਰਾਂਟੋ, 23 ਜਨਵਰੀ (ਪੰਜਾਬ ਮੇਲ)- ਸਾਬਕਾ ਇੰਡੋ-ਕੈਨੇਡੀਅਨ ਸੰਸਦ ਮੈਂਬਰ ਰੂਬੀ ਢੱਲਾ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਗ੍ਹਾ ਲੈਣ ਲਈ ਸੱਤਾਧਾਰੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਹਿੱਸਾ ਲਵੇਗੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿਚ ਦੱਸਿਆ ਕਿ ਮੈਨੂੰ ਉਮੀਦ ਹੈ ਕਿ ਅਸੀਂ ਇਤਿਹਾਸ ਰਚਾਂਗੇ ਅਤੇ ਕੈਨੇਡਾ ਦੀ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਵਜੋਂ ਇਤਿਹਾਸ ਰਚਾਂਗੇ। ਉਹ ਉਮੀਦਵਾਰੀ ਲਈ ਖੁਦ ਨੂੰ ਘੋਸ਼ਿਤ ਕਰਨ ਦੀ ਆਖਰੀ ਤਰੀਕ 23 ਜਨਵਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ‘ਚ ਸ਼ਾਮਲ ਹੋਈ। ਹਾਲਾਂਕਿ ਉਨ੍ਹਾਂ ਦੀ ਮੁਹਿੰਮ ਨੂੰ ਅਜੇ ਵੀ ਯੋਗਤਾ ਪੂਰੀ ਕਰਨ ਲਈ 350,000 ਕੈਨੇਡੀਅਨ ਡਾਲਰ ($243,195) ਦੀ ਫੀਸ ਜਮ੍ਹਾਂ ਕਰਾਉਣੀ ਪਵੇਗੀ।
ਢੱਲਾ ਪਹਿਲੀ ਵਾਰ 2004 ਵਿਚ ਬਰੈਂਪਟਨ-ਸਪਰਿੰਗਡੇਲ ਚੋਣ ਖੇਤਰ ਤੋਂ ਹਾਊਸ ਆਫ ਕਾਮਨਜ਼ ਲਈ ਚੁਣੀ ਗਈ ਸੀ। ਉਹ 2006 ਅਤੇ 2008 ਵਿਚ ਦੁਬਾਰਾ ਚੁਣੀ ਗਈ ਸੀ, ਪਰ 2011 ਵਿਚ ਹਾਰ ਗਈ ਸੀ ਅਤੇ 2015 ਵਿਚ ਜਦੋਂ ਲਿਬਰਲ ਬਹੁਮਤ ਨਾਲ ਸੱਤਾ ਵਿਚ ਆਈ, ਤਾਂ ਉਨ੍ਹਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ। 2004 ਦੀਆਂ ਸੰਘੀ ਚੋਣਾਂ ਵਿਚ ਉਨ੍ਹਾਂ ਦੀ ਜਿੱਤ ਨੇ ਉਨ੍ਹਾਂ ਨੂੰ, ਕੰਜ਼ਰਵੇਟਿਵ ਨੀਨਾ ਗਰੇਵਾਲ ਦੇ ਨਾਲ ਸਦਨ ਲਈ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣਾ ਦਿੱਤਾ।
ਇੱਥੇ ਦੱਸ ਦੇਈਏ ਕਿ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਹ 9 ਮਾਰਚ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦਾ ਐਲਾਨ ਕਰੇਗੀ। ਹਾਲ ਹੀ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਪਰ ਕਿਹਾ ਕਿ ਉਹ ਨਵੇਂ ਨੇਤਾ ਦੀ ਚੋਣ ਹੋਣ ਤੱਕ ਅਹੁਦੇ ‘ਤੇ ਬਣੇ ਰਹਿਣਗੇ।