ਸਿੰਗਾਪੁਰ, 21 ਮਾਰਚ (ਪੰਜਾਬ ਮੇਲ)- ਇੰਡੋਨੇਸ਼ੀਆ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਵਿਚ ਤਿੰਨ ਭਾਰਤੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇੱਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ। ਦੋਸ਼ੀਆਂ ‘ਤੇ ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ਰਾਹੀਂ 106 ਕਿਲੋਗ੍ਰਾਮ ‘ਕ੍ਰਿਸਟਲ ਮੈਥ’ ਦੀ ਤਸਕਰੀ ਕਰਨ ਦਾ ਦੋਸ਼ ਹੈ। ਪੁਲਿਸ ਨੇ ਦੱਸਿਆ ਕਿ ਰਾਜੂ ਮੁਥੁਕੁਮਾਰਨ (38), ਸੇਲਵਾਦੁਰਾਈ ਦਿਨਾਕਰਨ (34) ਅਤੇ ਗੋਵਿੰਦਸਾਮੀ ਵਿਮਲਕੰਧਨ (45) ਨੂੰ ਜੁਲਾਈ 2024 ਵਿਚ ਇੰਡੋਨੇਸ਼ੀਆ ਦੇ ਕਰੀਮੁਨ ਜ਼ਿਲ੍ਹੇ ਦੇ ਪੋਂਗਕਰ ਜਲ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਤਿੰਨੋਂ ਤਾਮਿਲਨਾਡੂ ਦੇ ਵਸਨੀਕ ਹਨ ਅਤੇ ਸਿੰਗਾਪੁਰ ਵਿਚ ਸ਼ਿਪਿੰਗ ਉਦਯੋਗ ਵਿਚ ਕੰਮ ਕਰਦੇ ਸਨ।
ਅਧਿਕਾਰੀਆਂ ਅਨੁਸਾਰ ਇੰਡੋਨੇਸ਼ੀਆਈ ਅਧਿਕਾਰੀਆਂ ਨੇ ਗੁਪਤ ਜਾਣਕਾਰੀ ਦੇ ਆਧਾਰ ‘ਤੇ ‘ਲੇਜੈਂਡ ਐਕੁਆਰਿਅਸ ਕਾਰਗੋ’ ਜਹਾਜ਼ ਨੂੰ ਰੋਕਿਆ ਸੀ। ਜਾਂਚ ਦੌਰਾਨ ਇਸ ਜਹਾਜ਼ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਅਦਾਲਤ ਦੀ ਸੁਣਵਾਈ ਦੌਰਾਨ ਬਚਾਅ ਪੱਖ ਨੇ ਕਿਹਾ ਕਿ ਜਹਾਜ਼ ਦੇ ਕਪਤਾਨ ਦੀ ਗਵਾਹੀ ਜ਼ਰੂਰੀ ਸੀ, ਪਰ ਉਹ ਸਿਰਫ਼ ਵਰਚੁਅਲੀ ਹੀ ਪੇਸ਼ ਹੋਇਆ, ਜਿਸ ਕਾਰਨ ਜਿਰ੍ਹਾ ਨਹੀਂ ਹੋ ਸਕੀ। ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਕੈਪਟਨ ਦੀ ਜਾਣਕਾਰੀ ਤੋਂ ਬਿਨਾਂ ਇੰਨੇ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸੰਭਵ ਨਹੀਂ ਸੀ। ਇਸਤਗਾਸਾ ਪੱਖ ਨੇ ਦੋਸ਼ੀ ਲਈ ‘ਮੌਤ ਦੀ ਸਜ਼ਾ’ ਦੀ ਮੰਗ ਕੀਤੀ ਹੈ। ਇੰਡੋਨੇਸ਼ੀਆਈ ਨੈਸ਼ਨਲ ਨਾਰਕੋਟਿਕਸ ਏਜੰਸੀ ਦੇ ਮੁਖੀ ਮਾਰਥੀਨਸ ਹੁਕੋਮ ਨੇ ਕਿਹਾ ਕਿ ਤਿੰਨੋਂ ਭਾਰਤੀ ਨਾਗਰਿਕ ਸਨ, ਜਿਨ੍ਹਾਂ ਕੋਲ ਨਸ਼ੀਲੇ ਪਦਾਰਥ ਸਨ। ਇਸ ਮਾਮਲੇ ਦਾ ਫੈਸਲਾ 15 ਅਪ੍ਰੈਲ ਨੂੰ ਆਉਣ ਦੀ ਉਮੀਦ ਹੈ।
ਇੰਡੋਨੇਸ਼ੀਆ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਹੇਠ 3 ਭਾਰਤੀ ਨਾਗਰਿਕਾਂ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ
