#INDIA

ਇੰਡੀਗੋ ਵੱਲੋਂ ਖਰਾਬ ਮੌਸਮ ਤੇ ਹੋਰ ਕਾਰਨਾਂ ਕਰਕੇ 118 ਉਡਾਣਾਂ ਰੱਦ

ਅੰਮ੍ਰਿਤਸਰ, ਚੰਡੀਗੜ੍ਹ, ਦਿੱਲੀ, ਜੈਪੁਰ, ਦੇਹਰਾਦੂਨ ਤੇ ਮੁੰਬਈ ਤੋਂ ਉਡਾਣਾਂ ਪ੍ਰਭਾਵਿਤ
ਮੁੰਬਈ, 29 ਦਸੰਬਰ (ਪੰਜਾਬ ਮੇਲ)- ਇੰਡੀਗੋ ਨੇ ਅੱਜ ਖਰਾਬ ਮੌਸਮ ਅਤੇ ਸੰਚਾਲਨ ਕਾਰਨਾਂ ਕਰਕੇ ਆਪਣੀਆਂ 118 ਉਡਾਣਾਂ ਰੱਦ ਕਰ ਦਿੱਤੀਆਂ। ਇਹ ਜਾਣਕਾਰੀ ਏਅਰਲਾਈਨ ਨੇ ਆਪਣੀ ਵੈੱਬਸਾਈਟ ‘ਤੇ ਨਸ਼ਰ ਕੀਤੀ ਹੈ। ਇਨ੍ਹਾਂ ਵਿਚੋਂ ਛੇ ਉਡਾਣ ਸੇਵਾਵਾਂ ਨੂੰ ਸੰਚਾਲਨ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ, ਜਦੋਂਕਿ ਬਾਕੀਆਂ ਨੂੰ ਵੱਖ-ਵੱਖ ਹਵਾਈ ਅੱਡਿਆਂ ‘ਤੇ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਇੰਡੀਗੋ ਵੈੱਬਸਾਈਟ ਅਨੁਸਾਰ, ਦਿੱਲੀ, ਮੁੰਬਈ, ਬੰਗਲੁਰੂ, ਕੋਚੀਨ, ਹੈਦਰਾਬਾਦ, ਕੋਲਕਾਤਾ, ਅੰਮ੍ਰਿਤਸਰ, ਚੰਡੀਗੜ੍ਹ, ਜੈਪੁਰ, ਦੇਹਰਾਦੂਨ, ਇੰਦੌਰ, ਪਟਨਾ ਅਤੇ ਭੋਪਾਲ ਸਮੇਤ ਹੋਰ ਥਾਵਾਂ ‘ਤੇ ਉਡਾਣ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ।
ਏਅਰਲਾਈਨ ਨੇ ਅੱਜ ਸਵੇਰੇ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ, ‘ਦਿੱਲੀ ਅਤੇ ਉੱਤਰੀ ਭਾਰਤ ਦੇ ਕਈ ਹਵਾਈ ਅੱਡਿਆਂ ‘ਤੇ ਧੁੰਦ ਕਾਰਨ ਦਿਸਣ ਹੱਦ ਘੱਟ ਰਹੀ, ਜਿਸ ਦੇ ਨਤੀਜੇ ਵਜੋਂ ਉਡਾਣਾਂ ਪ੍ਰਭਾਵਿਤ ਹੋਈਆਂ।’