ਨਿਊਯਾਰਕ, 15 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਇੰਡੀਆਨਾ ‘ਚ ਇਕ ਤੇਲਗੂ ਮੂਲ ਦੇ ਭਾਰਤੀ ਵਰੁਣ ਰਾਜ ਪੁਚਾ ਦੀ ਬੇਰਹਿਮੀ ਨਾਲ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ‘ਚ ਇੰਡੀਆਨਾ ਦੀ ਅਦਾਲਤ ਨੇ ਕਾਤਲ ਨੂੰ 60 ਸਾਲ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਪੋਰਟਰ ਸੁਪੀਰੀਅਰ ਕੋਰਟ ਦੇ ਜੱਜ ਜੈਫਰੀ ਕਲਾਈਮਰ ਦੁਆਰਾ ਸੁਣਾਈ ਗਈ।
ਇਹ ਦੁਖਦਾਈ ਘਟਨਾ ਪਿਛਲੇ ਸਾਲ 29 ਅਕਤੂਬਰ ਨੂੰ ਵਾਲਪੇਰਾਈਸੋ ਦੇ ਇੱਕ ਪਲੈਨੇਟ ਫਿਟਨੈਸ ਜਿਮ ਦੇ ਵਿਚ ਵਾਪਰੀ ਸੀ, ਜਿੱਥੇ ਐਂਡਰੇਡ ਨੇ ਭਾਰਤੀ ਮੂਲ ਦੇ ਵਰੁਣ ਰਾਜ ਪੁਚਾ ‘ਤੇ ਹਮਲਾ ਕੀਤਾ ਸੀ ਅਤੇ ਉਸ ਦੇ ਸਿਰ ਵਿਚ ਚਾਕੂ ਨਾਲ ਵਾਰ ਕੀਤਾ ਸੀ, ਜਦੋਂਕਿ ਪੁਚਾ ਇੱਕ ਮਸਾਜ ਕੁਰਸੀ ‘ਤੇ ਬੈਠਾ ਸੀ। ਵਰੁਣ ਦੀ ਨੌਂ ਦਿਨਾਂ ਬਾਅਦ ਫੋਰਟ ਵੇਨ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ ਸੀ। ਮ੍ਰਿਤਕ ਵਰੁਣ ਰਾਜ ਪੁਚਾ, ਜੋ ਕਿ ਵਲਪਾਰਾਈਸੋ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਵਿਚ ਮਾਸਟਰ ਦੀ ਡਿਗਰੀ ਕਰ ਰਿਹਾ ਸੀ। ਉਸ ਦੀ ਡਿਗਰੀ ਪੂਰੀ ਕਰਨ ਦੇ ਸਿਰਫ਼ ਦੋ ਮਹੀਨੇ ਹੀ ਰਹਿ ਗਏ ਸੀ।