#AMERICA

ਇੰਡੀਅਨ ਕੌਂਸਲੇਟ ਜਨਰਲ ਆਫ਼ NewYork ‘ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦੇ 133ਵੇਂ ਜਨਮ ਦਿਨ ‘ਤੇ ਉੱਚ ਪੱਧਰੀ ਸਮਾਗਮ ਕਰਵਾਇਆ

ਨਿਊਯਾਰਕ, 17 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਮਨੁੱਖਤਾ ਦੇ ਮਸੀਹਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ 133ਵੇਂ ਜਨਮ ਦਿਨ ‘ਤੇ ਇੰਡੀਅਨ ਕੌਂਸਲੇਟ ਜਨਰਲ ਆਫ਼ ਨਿਊਯਾਰਕ ‘ਚ ਗੁਰੂ ਰਵਿਦਾਸ ਸਭਾ ਆਫ਼ ਨਿਊਯਾਰਕ ਦੇ ਸਹਿਯੋਗ ਨਾਲ ਬਹੁਤ ਹੀ ਵੱਡੇ ਪੱਧਰ ‘ਤੇ ਇਕ ਸਮਾਗਮ ਕਰਵਾਇਆ ਗਿਆ। ਕੌਂਸਲੇਟ ਜਨਰਲ ਵਿਨੇ ਸ਼੍ਰੀਕਾਂਤਾ ਨਿਊਯਾਰਕ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਡਾ. ਅੰਬੇਡਕਰ ਦੀ ਭਾਰਤ ਦੇਸ਼ ਨੂੰ ਮਹਾਨਤਾ ਦੇਣ ਦੇ ਬਾਰੇ ਆਪਣੇ ਵਿਚਾਰ ਰੱਖੇ ਤੇ ਕਿਹਾ ਕਿ ਨਿਊਯਾਰਕ ਸਿਟੀ ਦਾ ਬਾਬਾ ਡੀ.ਆਰ. ਅੰਬੇਡਕਰ ਦੇ ਨਾਲ ਖ਼ਾਸ ਰਿਸ਼ਤਾ ਹੈ। ਅਤੇ ਲਗਭਗ ਇਕ ਸਦੀ ਪਹਿਲਾ ਉਹ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਵਿਖੇ ਪੜ੍ਹੇ ਸਨ। ਉਨ੍ਹਾਂ ਆਪਣੀ ਮਾਸਟਰ ਅਤੇ ਡਾਕਟੋਰਲ ਡਿਗਰੀਆਂ ਇੱਥੋਂ ਪ੍ਰਾਪਤ ਕੀਤੀਆਂ ਸਨ।
ਉਪਰੰਤ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਦੇ ਸਟੇਜ ਸਕੱਤਰ ਬਲਵਿੰਦਰ ਭੌਰਾ ਨੇ ਮੰਚ ਦੀ ਕਾਰਵਾਈ ਸੰਭਾਲਦਿਆਂ ਵੱਖ-ਵੱਖ ਬੁਲਾਰਿਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਸੱਦਾ ਦਿੱਤਾ। ਜਿਨ੍ਹਾਂ ਵਿਚ ਗੁਰੂ ਰਵਿਦਾਸ ਟੈਂਪਲ ਆਫ ਨਿਊਯਾਰਕ ਦੇ ਹੈੱਡ ਗ੍ਰੰਥੀ ਸਿੰਘ ਗਿਆਨੀ ਓਂਕਾਰ ਸਿੰਘ, ਗੁਰੂ ਰਵਿਦਾਸ ਸਭਾ ਆਫ਼ ਨਿਊਯਾਰਕ ਵਲੋਂ ਪ੍ਰਧਾਨ ਜਸਵਿੰਦਰ ਸਿੰਘ ਬਿੱਲਾ, ਚੇਅਰਮੈਨ ਪਰਮਜੀਤ ਲਾਲ ਕਮਾਮ, ਸਾਬਕਾ ਚੇਅਰਮੈਨ ਪਿੰਦਰਪਾਲ ਅਤੇ ਡਾ. ਬੀ.ਆਰ. ਅੰਬੇਡਕਰ ਕਲੱਬ ਯੂ.ਐੱਸ.ਏ. ਵਲੋਂ ਸਪੋਕਸਮੈਨ ਧੀਰਜ ਕੁਮਾਰ ਛੋਕਰਾਂ ਨਿਊਯਾਰਕ ਨੇ ਡਾ. ਬੀ.ਆਰ. ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਵਿਸਥਾਰ ‘ਚ ਵਿਚਾਰ ਪੇਸ਼ ਕੀਤੇ। ਸਾਰੇ ਭਾਈਚਾਰੇ ਨੂੰ ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਪੇਸ਼ ਕੀਤੀਆਂ ਗਈਆਂ।
ਉਨ੍ਹਾਂ ਡਾ. ਬੀ.ਆਰ. ਅੰਬੇਡਕਰ ਕਲੱਬ ਯੂ.ਐੱਸ.ਏ. ਵਲੋਂ ਇਹ ਸਮਾਗਮ ਕਰਵਾਉਣ ਲਈ ਜਿੱਥੇ ਇੰਡੀਅਨ ਕੌਂਸਲੇਟ ਜਨਰਲ ਆਫ ਨਿਊਯਾਰਕ ਦਾ ਧੰਨਵਾਦ ਕੀਤਾ, ਉੱਥੇ ਪੀ.ਐੱਮ.ਓ. ਆਫਿਸ ਨਵੀਂ ਦਿੱਲੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮਾਗਮ ਵਿਚ ਡਾਕਟਰ ਬੀ.ਆਰ. ਅੰਬੇਦਕਰ ਕਲੱਬ ਯੂ.ਐੱਸ.ਏ. ਦੇ ਪ੍ਰਧਾਨ ਸ਼੍ਰੀ ਅਸ਼ੋਕ ਮਾਹੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।
ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਦੇ ਜੁਆਇੰਟ ਕੈਸ਼ੀਅਰ ਕਿਰਪਾਲ ਸਿੰਘ, ਮੈਂਬਰ ਸੂਰਜ ਪ੍ਰਕਾਸ਼, ਬੂਟਾ ਸਿੰਘ, ਮਹਿੰਦਰ ਲੋਧੀਪੁਰ, ਸਾਬਕਾ ਚੇਅਰਮੈਨ ਬਲਵੀਰ ਚੌਹਾਨ, ਚੂਹੜ ਸਿੰਘ, ਮੱਖਣ ਫਰਾਲਾ, ਸੋਹਨ ਲਾਲ ਝਿੱਕਾ ਅਤੇ ਕੌਲ ਭਰਾ ਵੀ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ। ਅੰਤ ਵਿਚ ਆਏ ਹੋਏ ਸਾਰੇ ਮਹਿਮਾਨਾਂ ਦੀ ਇੰਡੀਅਨ ਕੌਂਸਲੇਟ ਜਨਰਲ ਆਫ਼ ਨਿਊਯਾਰਕ ਪ੍ਰਸ਼ਾਸਨ ਵਲੋਂ ਚਾਹ-ਪਾਣੀ ਨਾਲ ਸੇਵਾ ਕੀਤੀ ਗਈ। ਇੱਥੇ ਦੱਸਣਯੋਗ ਹੈ ਕਿ ਇੰਡੀਅਨ ਕੌਂਸਲੇਟ ਜਨਰਲ ਆਫ਼ ਨਿਊਯਾਰਕ ਪਹੁੰਚਣ ਲਈ ਲਗਭਗ ਸਾਰੇ ਮਹਿਮਾਨਾਂ ਲਈ ਡਾ. ਅੰਬੇਡਕਰ ਕਲੱਬ ਯੂ.ਐੱਸ.ਏ. ਵਲੋਂ ਟਰਾਂਸਪੋਰਟੇਸ਼ਨ ਦੀ ਸੇਵਾ ਕਰਵਾਈ ਗਈ ਸੀ। ਸਮਾਗਮ ਦੌਰਾਨ ਅੰਤਰਰਾਸ਼ਟਰੀ ਮੀਡੀਏ ਵੱਲੋਂ ਵੀ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਕਵਰ ਕੀਤਾ ਗਿਆ।