#AMERICA

ਇੰਡਿਆਨਾਪੋਲਿਸ ‘ਚ ਵਾਪਰੀ ਗੋਲੀਬਾਰੀ ਦੀ ਤਾਜਾ ਘਟਨਾ ਵਿਚ 7 ਨੌਜਵਾਨ ਜ਼ਖਮੀ

* ਹਸਪਤਾਲ ਕਰਵਾਏ ਦਾਖਲ, ਹਾਲਤ ਸਥਿੱਰ
ਸੈਕਰਾਮੈਂਟੋ, 3 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇੰਡਿਆਨਾ ਰਾਜ ਦੀ ਰਾਜਧਾਨੀ ਇੰਡਿਆਨਾਪੋਲਿਸ ਦੇ ਹੇਠਲੇ ਖੇਤਰ ਵਿਚ ਵਾਪਰੀ ਗੋਲੀਬਾਰੀ ਦੀ ਇਕ ਘਟਨਾ ਵਿਚ 12 ਤੋਂ 17 ਸਾਲਾਂ ਦੇ 7 ਨਬਾਲਗਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਇੰਡਿਆਨਾਪੋਲਿਸ ਮੈਟਰੋਪੋਲੀਟਨ ਪੁਲਿਸ ਵਿਭਾਗ ਅਨੁਸਾਰ ਸਥਾਨਕ ਸਮੇ ਅਨੁਸਾਰ ਰਾਤ 11.30 ਵਜੇ ਦੇ ਆਸ ਪਾਸ ਸਰਕਲ ਸੈਂਟਰ ਮਾਲ ਨੇੜੇ ਗਸ਼ਤ ਕਰ ਰਹੇ ਪੁਲਿਸ ਅਫਸਰਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਹ ਤੁਰੰਤ ਘਟਨਾ ਸਥਾਨ ‘ਤੇ ਪੁੱਜੇ ਜਿਥੇ ਵੱਡੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ। ਇੰਡਿਆਨਾਪੋਲਿਸ ਪੁਲਿਸ ਡਿਪਟੀ ਚੀਫ ਤਾਨੀਆ ਟੈਰੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ 6 ਨਬਾਲਗ ਜ਼ਖਮੀ ਹਾਲਤ ਵਿਚ ਮਿਲੇ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਸਾਰੇ ਨਬਾਲਗਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਬਾਅਦ ਵਿਚ ਇਕ ਹੋਰ ਬੱਚਾ ਕਿਸੇ ਹੋਰ ਹਸਪਤਾਲ ਵਿਚ ਜਖਮੀ ਹਾਲਤ ਵਿਚ ਪੁੱਜਾ। ਡਿਪਟੀ ਚੀਫ ਅਨੁਸਾਰ ਸਾਰੇ ਪੀੜਤਾਂ ਦੀ ਹਾਲਤ ਸਥਿੱਰ ਹੈ। ਉਨਾਂ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਪਿੱਛੇ ਕਾਰਨ ਕੀ ਹੈ ਜਾਂ ਕਿੰਨੇ ਲੋਕਾਂ ਨੇ ਗੋਲੀਆਂ ਚਲਾਈਆਂ। ਇਸ ਮਾਮਲੇ ਵਿਚ ਅਜੇ ਤੱਕ ਕਿਸੇ ਵੀ ਸ਼ੱਕੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ। ਟੈਰੀ ਨੇ ਕਿਹਾ ਹੈ ਕਿ ਪੁਲਿਸ ਦਾ ਵਿਸ਼ਵਾਸ਼ ਹੈ ਕਿ ਗੋਲੀਬਾਰੀ ਵਿਚ ਵੱਖ ਵੱਖ ਕਿਸਮ ਦੇ ਹਥਿਆਰਾਂ ਦੀ ਵਰਤੋਂ ਹੋਈ ਹੈ। ਉਨਾਂ ਕਿਹਾ ਕਿ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਨੌਜਵਾਨ ਆਪਸੀ ਮਸਲੇ ਗੋਲੀਬਾਰੀ ਨਾਲ ਹੱਲ ਕਰਨਾ ਚਹੁੰਦੇ ਹਨ । ਇਸ ਪ੍ਰਵ੍ਰਿਤੀ ਨੂੰ ਰੋਕਣਾ ਪਵੇਗਾ।