#PUNJAB

ਇੰਟਰਨੈਸ਼ਨ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਨਿੱਕ-ਸੁੱਕ’ ਲੋਕ ਅਰਪਣ ਹੋਈ

ਲੁਧਿਆਣਾ, 11 ਨਵੰਬਰ (ਪੰਜਾਬ ਮੇਲ)- 10 ਨਵੰਬਰ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗਏ ਸਾਲਾਨਾ ਸਮਾਗਮ ਅਤੇ ਕਵੀ ਦਰਬਾਰ ਦੌਰਾਨ ਮਸ਼ਹੂਰ ਲੇਖਕ ਇਕਵਾਕ ਸਿੰਘ ਪੱਟੀ ਦੀ 9ਵੀਂ ਪੁਸਤਕ ‘ਨਿੱਕ-ਸੁੱਕ’ ਲੋਕ ਅਰਪਣ ਕੀਤੀ ਗਈ। ਲੋਕ ਅਰਪਣ ਕਰਨ ਦੀ ਰਸਮ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ, ਚੇਅਰਮੈਨ ਡਾ. ਹਰਜਿੰਦਰ ਸਿੰਘ ਦਿਲਗੀਰ, ਤ੍ਰੈਲੋਚਨ ਲੋਚੀ, ਦਵਿੰਦਰ ਸੈਫ਼ੀ ਅਤੇ ਹੋਰ ਅਹਿਮ ਸ਼ਖਸੀਅਤਾਂ ਨੇ ਨਿਭਾਈ।
ਇਸ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਪੁਸਤਕ ਦੇ ਲੇਖਕ ਇਕਵਾਕ ਸਿੰਘ ਪੱਟੀ ਨੇ ਦੱਸਿਆ ਕਿ ਇਹ ਪੁਸਤਕ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ, ਜੋ ਮਨੁੱਖਤਾ ਦੇ ਰਾਹ ਰੁਸ਼ਨਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਇਹ ਪੁਸਤਕ ਮਾਝਾ ਵਰਲਡਵਾਈਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਲਘੂ ਕਹਾਣੀਆਂ ਦੀ ਇਸ ਕਿਤਾਬ ਵਿਚ 40 ਤੋਂ ਵੱਧ ਕਹਾਣੀਆਂ ਹਨ, ਜਿਸ ਬਾਰੇ ਪੜਚੋਲ ਵੀ ਨਾਲੋਂ-ਨਾਲ ਲਿਖੀ ਗਈ ਤਾਂ ਕਿ ਪਾਠਕ ਸਮਝ ਸਕਣ ਕਿ ਇਹ ਕਹਾਣੀਆਂ ਕਿਸ ਸੰਦਰਭ ਅਤੇ ਕਿਸ ਮਾਹੌਲ ਵਿਚ ਕਿਉਂ ਸਿਰਜੀ ਗਈ ਹੈ।
ਲੇਖਕ ਪੱਟੀ ਨੇ ਆਓ ਨਾਨਕਵਾਦ ਦੇ ਧਾਰਨੀ ਬਣੀਏ (ਲੇਖ ਸੰਗ੍ਰਿਹ 2009), ਗੁਰ ਮੂਰਤਿ ਗੁਰ ਸਬਦ ਹੈ (ਲੇਖ ਸੰਗ੍ਰਿਹ 2011), ਨਸੀਬ (ਕਹਾਣੀ ਸੰਗ੍ਰਿਹ-ਸੰਪਾਦਿਤ 2013), ਤਬਲਾ-ਸਿਧਾਂਤਕ ਪੱਖ (ਸੰਗੀਤ 2013), ਕਾਗਜ਼ (ਕਹਾਣੀ ਸੰਗ੍ਰਿਹ 2014), ਜਰੀਦਾ (ਵਾਰਤਕ 2019, 2023), ਤਾਣਾ-ਬਾਣਾ (ਕਹਾਣੀ ਸੰਗ੍ਰਿਹ 2020) ਅਤੇ ਬੇ-ਮੰਜ਼ਿਲਾ ਸਫ਼ਰ ( ਛੋਟਾ ਨਾਵਲ 2022) ਨੂੰ ਭਰਵਾਂ ਹੁੰਗਾਰਾ ਦੇਣ ਲਈ ਪਾਠਕਾਂ ਦਾ ਧੰਨਵਾਦ ਕਰਦੇ ਹੋਏ ਉਮੀਦ ਪ੍ਰਗਟਾਈ ਕਿ ਪਾਠਕ ਉਨ੍ਹਾਂ ਦੀ 9ਵੀਂ ਪੁਸਤਕ ‘ਨਿੱਕ-ਸੁੱਕ’ ਨੂੰ ਵੀ ਪਸੰਦ ਕਰਨਗੇ। ਇਸ ਮੌਕੇ ਜਗਦੀਸ਼ ਕੌਰ, ਗੁਰਪ੍ਰੀਤ ਸਿੰਘ ਟੋਰਾਂਟੋ, ਤਰਲੋਚਨ ਲੋਚੀ, ਲਾਡੀ ਭੁੱਲਰ, ਡਾਕਟਰ ਦਵਿੰਦਰ ਸਿੰਗਲਾ, ਪ੍ਰੋ. ਕੇਵਲਜੀਤ ਕੰਵਲ, ਡਾ. ਹਰਦੀਪ ਸਿੰਘ ਸੱਧਰ, ਡਾਕਟਰ ਅਮਨਪ੍ਰੀਤ ਕੌਰ ਕੰਗ, ਗੁਰਦਰਸ਼ਨ ਸਿੰਘ ਮਾਵੀ, ਜੀ.ਐੱਸ. ਸਿੱਧੂ, ਪ੍ਰੋ. ਮਨੀਸ਼ ਸਿੰਘ, ਰਚਨਾ ਸੈਣੀ, ਕੋਮਲਪ੍ਰੀਤ ਕੌਰ, ਹਰਜਿੰਦਰ ਕੌਰ ਸਰਦਲ, ਰਵਿੰਦਰ ਰਵੀ, ਜਸਲੀਨ ਕੌਰ, ਸੁਰਜੀਤ ਸਿੰਘ ਨਾਰਵੇ ਆਦਿ ਹਾਜ਼ਰ ਸਨ।