#EUROPE

ਇੰਗਲੈਂਡ ‘ਚ ਭਾਰਤੀ ਨੌਜਵਾਨ ਦਾ ਕਤਲ

ਪਰਿਵਾਰ ਨੂੰ ਹੱਤਿਆ ਪਿੱਛੇ ਹਰਿਆਣਾ ਤੇ ਪੰਜਾਬ ਦੇ ਨੌਜਵਾਨਾਂ ਦਾ ਹੱਥ ਹੋਣ ਦਾ ਸ਼ੱਕ
ਹਿਸਾਰ, 2 ਦਸੰਬਰ (ਪੰਜਾਬ ਮੇਲ)- ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ 30 ਸਾਲਾ ਨੌਜਵਾਨ ਦੀ ਇੰਗਲੈਂਡ ਵਿਚ ਲੰਡਨ ਤੋਂ ਲਗਪਗ 215 ਕਿਲੋਮੀਟਰ ਦੂਰ ਵੋਰਸੈਸਟਰ ਸ਼ਹਿਰ ਵਿਚ ਕੁੱਝ ਵਿਅਕਤੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਦੀ ਪਛਾਣ ਵਿਜੈ ਕੁਮਾਰ ਸ਼ਿਓਰਾਨ ਵਜੋਂ ਹੋਈ ਹੈ। ਇਹ ਘਟਨਾ 25 ਨਵੰਬਰ ਦੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਇਸ ਹੱਤਿਆ ਪਿੱਛੇ ਉੱਥੇ ਰਹਿ ਰਹੇ ਹਰਿਆਣਾ ਅਤੇ ਪੰਜਾਬ ਦੇ ਕੁੱਝ ਵਿਅਕਤੀਆਂ ਦਾ ਹੱਥ ਹੈ। ਹਾਲਾਂਕਿ, ਇਸ ਸਬੰਧੀ ਇੰਗਲੈਂਡ ਦੀ ਪੁਲਿਸ ਨੇ ਕੋਈ ਖੁਲਾਸਾ ਨਹੀਂ ਕੀਤਾ। ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਵਿਜੈ ਕੁਮਾਰ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਜੈ ਕੁਮਾਰ ਸੈਂਟਰਲ ਐਕਸਾਈਜ਼ ਤੇ ਕਸਟਮਜ਼ ਵਿਭਾਗ ਵਿਚ ਕੋਚੀ ਵਿਚ ਤਾਇਨਾਤ ਸੀ। ਉਹ ਨੌਕਰੀ ਛੱਡ ਕੇ ਉੱਚ ਪੜ੍ਹਾਈ ਲਈ ਇਸ ਸਾਲ ਸ਼ੁਰੂ ਵਿਚ ਇੰਗਲੈਂਡ ਗਿਆ ਸੀ। ਮ੍ਰਿਤਕ ਦੇ ਭਰਾ ਰਵੀ ਕੁਮਾਰ ਨੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ‘ਚ ਕਿਹਾ ਕਿ ਕੁੱਝ ਵਿਅਕਤੀਆਂ ਵੱਲੋਂ ਉਸ ਦੇ ਛੋਟੇ ਭਰਾ ਵਿਜੈ ਕੁਮਾਰ, ਜੋ ਬ੍ਰਿਸਟਲ ਵਿਚ ਯੂਨੀਵਰਸਿਟੀ ਆਫ ਦਿ ਵੈਸਟ ਆਫ ਇੰਗਲੈਂਡ (ਯੂ.ਡਬਲਯੂ.ਈ.) ਵਿਚ ਪੜ੍ਹਾਈ ਕਰ ਰਿਹਾ ਸੀ, ਦੀ 25 ਨਵੰਬਰ ਨੂੰ ਹੱਤਿਆ ਕਰ ਦਿੱਤੀ ਗਈ। ਬਰਤਾਨੀਆ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਨੇ ਪੱਤਰ ਵਿਚ ਲਿਖਿਆ, ”ਅਸੀਂ ਮੰਤਰਾਲੇ ਨੂੰ ਮਦਦ ਦੀ ਅਪੀਲ ਕਰਦੇ ਹਾਂ, ਤਾਂ ਜੋ ਮੇਰੇ ਭਰਾ ਦੀ ਦੇਹ ਅੰਤਿਮ ਰਸਮਾਂ ਲਈ ਭਾਰਤ ਲਿਆਂਦੀ ਜਾ ਸਕੇ।”