#EUROPE

ਇੰਗਲੈਂਡ ‘ਚ ਗ੍ਰੰਥੀ ਨੇ 40 ਸਾਲਾਂ ਬਾਅਦ ਬੱਚਿਆਂ ਦਾ ਸ਼ੋਸ਼ਣ ਕਰਨ ਦੇ ਦੋਸ਼ ਕਬੂਲੇ

ਲੰਡਨ, 21 ਨਵੰਬਰ (ਪੰਜਾਬ ਮੇਲ)- ਇੰਗਲੈਂਡ ਦੇ ਸ਼ਹਿਰ ਹਿਚਨ, ਹਰਟਫੋਰਡਸ਼ਾਇਰ ਵਿਚ ਗ੍ਰੰਥੀ ਵਜੋਂ ਕੰਮ ਕਰਦੇ ਮੱਖਣ ਸਿੰਘ ਮੌਜੀ ਨਾਮ ਦੇ ਵਿਅਕਤੀ ਨੇ 40 ਸਾਲਾਂ ਬਾਅਦ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਕਬੂਲੇ ਹਨ। ਅਦਾਲਤ ਵਿਚ ਦੱਸਿਆ ਗਿਆ ਕਿ ਮੌਜੀ ਨੇ 1983 ਤੋਂ 1987 ਦਰਮਿਆਨ ਬੱਚਿਆਂ ਨਾਲ ਸ਼ੋਸ਼ਣ ਕੀਤਾ। ਪੁਲਿਸ ਨੇ ਕਿਹਾ ਕਿ ਮੱਖਣ ਸਿੰਘ ਮੌਜੀ ਵਾਸੀ ਨੌਰਥ ਪ੍ਰਾਇਅਰਜ਼ ਕੋਰਟ, ਨੌਰਥੈਂਪਟਨ ਇਕ ਗ੍ਰੰਥੀ ਸੀ, ਜਿਸ ਨੇ ਪੀੜਤਾਂ ਨੂੰ ਨਿਸ਼ਾਨਾ ਬਣਾਇਆ। 71 ਸਾਲਾ ਮੱਖਣ ਸਿੰਘ ਨੂੰ 13 ਜਿਨਸੀ ਅਪਰਾਧਾਂ ਲਈ ਦੋਸ਼ੀ ਮੰਨਿਆ ਅਤੇ 20 ਦਸੰਬਰ ਨੂੰ ਕੈਂਬ੍ਰਿਜ ਕ੍ਰਾਊਨ ਕੋਰਟ ਵਿਚ ਸਜ਼ਾ ਸੁਣਾਈ ਜਾਵੇਗੀ। ਅਦਾਲਤ ਨੇ ਮੌਜੀ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ ਤੇ ਨਾਲ ਹੀ ਪਾਸਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਉਹ ਦੇਸ਼ ਛੱਡ ਕੇ ਭੱਜ ਨਾ ਸਕੇ।