ਵਾਸ਼ਿੰਗਟਨ, 2 ਅਪ੍ਰੈਲ (ਪੰਜਾਬ ਮੇਲ)- ਇਰਾਨ ਅਤੇ ਅਮਰੀਕਾ ਵਿਚਾਲੇ ਜਾਰੀ ਭਿਆਨਕ ਜੰਗ ਦਰਮਿਆਨ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਇੱਕ ਹੈਰਾਨੀਜਨਕ ਕਦਮ ਚੁੱਕਿਆ ਹੈ। ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਦੇ ਨਾਂ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਅਮਰੀਕੀ ਜਨਤਾ ਨੂੰ ਜੰਗ ਦੇ ਨਤੀਜਿਆਂ ਬਾਰੇ ਸੋਚਣ ਦੀ ਅਪੀਲ ਕੀਤੀ ਹੈ।
ਪੇਜ਼ੇਸ਼ਕੀਅਨ ਨੇ ਟਰੰਪ ਦੀ ‘ਅਮਰੀਕਾ ਫਸਟ’ ਨੀਤੀ ‘ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ ਕੀ ਹਜ਼ਾਰਾਂ ਮੀਲ ਦੂਰ ਇਰਾਨੀ ਬੱਚਿਆਂ ਅਤੇ ਬੇਗੁਨਾਹਾਂ ਦਾ ਖੂਨ ਵਹਾ ਕੇ ਅਮਰੀਕਾ ਸੱਚਮੁੱਚ ਮਹਾਨ ਬਣ ਰਿਹਾ ਹੈ? ਉਨ੍ਹਾਂ ਕਿਹਾ ਕਿ ਇਹ ਨੀਤੀ ਅਸਲ ਵਿਚ ਅਮਰੀਕਾ ਨੂੰ ਬਰਬਾਦ ਕਰ ਰਹੀ ਹੈ। ਇਰਾਨੀ ਰਾਸ਼ਟਰਪਤੀ ਨੇ ਅਮਰੀਕੀ ਟੈਕਸਦਾਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀ ਮਿਹਨਤ ਦੀ ਕਮਾਈ ਮਿਜ਼ਾਈਲਾਂ ਅਤੇ ਬੰਬਾਂ ‘ਤੇ ਖਰਚ ਕੀਤੀ ਜਾ ਰਹੀ ਹੈ, ਜਿਸ ਨਾਲ ਨਾ ਤਾਂ ਅਮਰੀਕਾ ਸੁਰੱਖਿਅਤ ਹੋ ਰਿਹਾ ਹੈ ਅਤੇ ਨਾ ਹੀ ਦੁਨੀਆਂ।
ਉਨ੍ਹਾਂ ਅੱਗੇ ਲਿਖਿਆ ਕਿ ਟਰੰਪ ਪ੍ਰਸ਼ਾਸਨ ਦੁਨੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਉਹ ਜੰਗ ਜਿੱਤ ਰਹੇ ਹਨ। ਪੇਜ਼ੇਸ਼ਕੀਅਨ ਅਨੁਸਾਰ, ਇਰਾਨੀ ਲੋਕ ਆਪਣੀ ਧਰਤੀ ਦੀ ਰੱਖਿਆ ਲਈ ਆਖਰੀ ਸਾਹ ਤੱਕ ਲੜਨਗੇ। ਚਿੱਠੀ ਵਿਚ ਉਨ੍ਹਾਂ ਨੇ ਅਮਰੀਕੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇਤਾਵਾਂ ਨੂੰ ਸਵਾਲ ਕਰਨ ਕਿ ਲੋਕਤੰਤਰ ਦੇ ਨਾਂ ‘ਤੇ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਕਿਉਂ ਕੁਚਲਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪੇਜ਼ੇਸ਼ਕੀਅਨ ਦਾ ਇਹ ਕਦਮ ਅਮਰੀਕਾ ਦੇ ਅੰਦਰ ਟਰੰਪ ਪ੍ਰਸ਼ਾਸਨ ਵਿਰੁੱਧ ਜਨਤਕ ਰੋਸ ਪੈਦਾ ਕਰਨ ਦੀ ਇੱਕ ਦਿਮਾਗੀ ਜੰਗ ਦਾ ਹਿੱਸਾ ਹੈ। ਇਰਾਨ ਚਾਹੁੰਦਾ ਹੈ ਕਿ ਅਮਰੀਕੀ ਜਨਤਾ ਖ਼ੁਦ ਇਸ ਜੰਗ ਦਾ ਵਿਰੋਧ ਕਰੇ।
ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਚਿੱਠੀ ਨੂੰ ਇਰਾਨੀ ਪ੍ਰੋਪੇਗੰਡਾ ਕਰਾਰ ਦਿੱਤਾ ਹੈ। ਟਰੰਪ ਨੇ ਇੱਕ ਬਿਆਨ ਵਿਚ ਕਿਹਾ ਕਿ ਇਰਾਨੀ ਲੀਡਰਸ਼ਿਪ ਆਪਣੀ ਹਾਰ ਦੇ ਡਰੋਂ ਹੁਣ ਅਮਰੀਕੀ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਇਰਾਨ ਦਾ ਇਕ ਸੋਚਿਆ-ਸਮਝਿਆ ਕਦਮ ਹੈ, ਤਾਂ ਜੋ ਅਮਰੀਕੀ ਨਾਗਰਿਕਾਂ ਨੂੰ ਟਰੰਪ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਖਿਲਾਫ਼ ਕੀਤਾ ਜਾ ਸਕੇ।
ਇਰਾਨ ਵੱਲੋਂ ਅਮਰੀਕੀ ਨਾਗਰਿਕਾਂ ਦੇ ਨਾਂ ਖੁੱਲ੍ਹੀ ਚਿੱਠੀ; ਜੰਗ ਦੇ ਨਤੀਜਿਆਂ ਬਾਰੇ ਸੋਚਣ ਦੀ ਕੀਤੀ ਅਪੀਲ!

