ਵਾਸ਼ਿੰਗਟਨ, 26 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਸੋਧੇ ਹੋਏ ਯੂਰੇਨੀਅਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਰਾਨ ਦਾ ਇਨਰਿਚਡ ਯੂਰੇਨਿਅਮ ਜਾਂ ਤਾਂ ਅਮਰੀਕਾ ਨੂੰ ਸੌਂਪਿਆ ਜਾਵੇਗਾ, ਜਾਂ ਇਰਾਨ ਵਿਚ ਹੀ ਨਸ਼ਟ ਕੀਤਾ ਜਾਵੇਗਾ, ਜਾਂ ਫਿਰ ਕਿਸੇ ਹੋਰ ਮਨਜ਼ੂਰਸ਼ੁਦਾ ਸਥਾਨ ‘ਤੇ ਇਸ ਨੂੰ ਖਤਮ ਕੀਤਾ ਜਾਵੇਗਾ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ ਕਿ ਇਸ ਪੂਰੀ ਪ੍ਰਕਿਰਿਆ ਦੌਰਾਨ ਆਟੋਮਿਕ ਐਨਰਜੀ ਕਮਿਸ਼ਨ ਜਾਂ ਇਸਦੇ ਸਮਾਨ ਅਧਿਕਾਰਤ ਸੰਸਥਾਨ ਦੀ ਨਿਗਰਾਨੀ ਰਹੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਇਰਾਨ ਨੂੰ ਇਹ ਯੂਰੇਨਿਅਮ ਰੱਖਣ ਦੀ ਇਜਾਜ਼ਤ ਨਹੀਂ ਦੇਵੇਗਾ।
ਟਰੰਪ ਨੇ ਪਿਛਲੇ ਹਫ਼ਤੇ ਓਵਲ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵੀ ਕਿਹਾ ਸੀ ਕਿ ਅਮਰੀਕਾ ਇਰਾਨ ਦੇ ਇਨਰਿਚਡ ਯੂਰੇਨੀਅਮ ‘ਤੇ ਕੋਈ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਸੀ, ”ਅਸੀਂ ਸ਼ਾਇਦ ਇਸਨੂੰ ਆਪਣੇ ਕਬਜ਼ੇ ਵਿਚ ਲੈ ਕੇ ਨਸ਼ਟ ਕਰ ਦੇਵਾਂਗੇ, ਪਰ ਅਸੀਂ ਇਰਾਨ ਨੂੰ ਇਹ ਨਹੀਂ ਰੱਖਣ ਦੇਵਾਂਗੇ।”
ਵ੍ਹਾਈਟ ਹਾਉਸ ਵੱਲੋਂ ਹਾਲੀਆ ਦਿਨਾਂ ਵਿਚ ”No dust, no dollars” ਵਾਲਾ ਨਾਅਰਾ ਵੀ ਵਰਤਿਆ ਜਾ ਰਿਹਾ ਹੈ। ਇਸਦਾ ਮਤਲਬ ਹੈ ਕਿ ਜਦ ਤੱਕ ਇਰਾਨ ਦੇ ਲਗਭਗ 1,000 ਪੌਂਡ ਸੋਧੇ ਹੋਏ ਯੂਰੇਨੀਅਮ ਦਾ ਨਿਪਟਾਰਾ ਨਹੀਂ ਹੁੰਦਾ, ਤਦ ਤੱਕ ਇਰਾਨ ਨੂੰ ਕਿਸੇ ਵੀ ਤਰ੍ਹਾਂ ਦਾ ਆਰਥਿਕ ਲਾਭ ਜਾਂ ਪਾਬੰਦੀਆਂ ਤੋਂ ਰਾਹਤ ਨਹੀਂ ਦਿੱਤਾ ਜਾਵੇਗਾ।
ਰਿਪੋਰਟਾਂ ਮੁਤਾਬਕ ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਕੰਟਰੋਲ ਹੇਠ ਲਿਆਂਦਾ ਜਾਵੇ, ਤਾਂ ਜੋ ਭਵਿੱਖ ਵਿਚ ਕਿਸੇ ਵੀ ਪ੍ਰਮਾਣੂ ਹਥਿਆਰ ਬਣਾਉਣ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ।
ਇਸ ਮਾਮਲੇ ਨੂੰ ਲੈ ਕੇ ਦੁਨੀਆਂ ਭਰ ਵਿਚ ਚਰਚਾ ਤੇਜ਼ ਹੈ ਕਿਉਂਕਿ ਮੱਧ ਪੂਰਬ ਵਿਚ ਪਹਿਲਾਂ ਹੀ ਤਣਾਅ ਵਧਿਆ ਹੋਇਆ ਹੈ ਅਤੇ ਅਮਰੀਕਾ-ਇਰਾਨ ਸੰਬੰਧ ਇੱਕ ਵਾਰ ਫਿਰ ਕੇਂਦਰ ਵਿਚ ਆ ਗਏ ਹਨ।
ਇਰਾਨ ਦਾ ਸੋਧਿਆ ਯੂਰੇਨਿਅਮ ਨਸ਼ਟ ਕਰਨ ਦੀ ਯੋਜਨਾ ‘ਤੇ ਟਰੰਪ ਦਾ ਵੱਡਾ ਬਿਆਨ

