#CANADA

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪਿਕਸ ਸੁਸਾਇਟੀ ਸਰੀ ਦਾ ਦੌਰਾ

-ਮੰਤਰੀ ਵੱਲੋਂ ਨਵੇਂ ਆਏ ਲੋਕਾਂ ਲਈ ਸਹਿਯੋਗੀ ਕਾਰਜ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ
ਸਰੀ, 24 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ (ਪਿਕਸ) ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਦੇ ਮੈਂਬਰ ਸੁਖ ਧਾਲੀਵਾਲ ਵੀ ਸਨ। ਪਿਕਸ ਦੇ ਸੀ.ਈ.ਓ. ਸਤਿਬੀਰ ਚੀਮਾ ਅਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੋਹਾਂ ਆਗੂਆਂ ਨੇ ਨਵੇਂ ਆਏ ਲੋਕਾਂ ਦਾ ਸਮਰਥਨ ਕਰਨ ਅਤੇ ਪ੍ਰਬੰਧਕੀ ਕਾਰਜ ਦੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਪਿਕਸ ਦੀ ਸੈਟਲਮੈਂਟ, ਭਾਸ਼ਾ ਅਤੇ ਸਮਾਜਿਕ ਪ੍ਰੋਗਰਾਮਾਂ ਦੀ ਸੀਨੀਅਰ ਡਾਇਰੈਕਟਰ ਸ਼੍ਰੀਮਤੀ ਦਵਿੰਦਰ ਚੱਠਾ ਨੇ ਉਨ੍ਹਾਂ ਨੂੰ ਸੁਸਾਇਟੀ ਦੇ ਉਦੇਸ਼ਾਂ, ਮਿਸ਼ਨ ਅਤੇ ਕਾਰਜਾਂ ਬਾਰੇ ਵਿਆਪਕ ਜਾਣਕਾਰੀ ਦਿੱਤੀ। ਉਸ ਨੇ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਅਤੇ ਸੂਬਾਈ ਸਰਕਾਰ ਦੁਆਰਾ ਫੰਡ ਕੀਤੇ ਮੌਜੂਦਾ ਬੰਦੋਬਸਤ ਅਤੇ ਏਕੀਕਰਣ ਪ੍ਰੋਗਰਾਮਾਂ ਦੀ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ। ਸ਼੍ਰੀਮਤੀ ਚੱਠਾ ਨੇ ਕੈਨੇਡਾ ‘ਚ ਨਵੇਂ ਆਉਣ ਵਾਲੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਅਤੇ ਭਾਈਚਾਰੇ ਦੀ ਬਿਹਤਰ ਸੇਵਾ ਕਰਨ ਲਈ ਪਿਕਸ ਵੱਲੋਂ ਉਲੀਕੀਆਂ ਗਈਆਂ ਭਵਿੱਖੀ ਵਿਸਤਾਰ ਯੋਜਨਾਵਾਂ ਦੀ ਰੂਪ ਰੇਖਾ ਸਾਂਝੀ ਕੀਤੀ।
ਮੰਤਰੀ ਨੇ ਪਿਕਸ ਦੇ ਮੁੱਖ ਦਫਤਰ ਵਿਖੇ ਡੇ-ਕੇਅਰ ਸਹੂਲਤ ਦਾ ਵੀ ਦੌਰਾ ਕੀਤਾ, ਜੋ ਕਿ ਬੰਦੋਬਸਤ ਸਲਾਹਕਾਰਾਂ ਨਾਲ ਮੁਲਾਕਾਤਾਂ ਵਿਚ ਹਾਜ਼ਰ ਹੋਣ ਅਤੇ ਵੱਖ-ਵੱਖ ਸਮਾਗਮਾਂ ਵਿਚ ਹਿੱਸਾ ਲੈਣ ਵਾਲੇ ਗਾਹਕਾਂ ਨੂੰ ਬਾਲ ਸੰਭਾਲ ਸੇਵਾਵਾਂ ਪ੍ਰਦਾਨ ਕਰਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਸੀਨੀਅਰ ਕੇਅਰ ਫੈਸਿਲਿਟੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਵਸਨੀਕਾਂ ਨਾਲ ਗੱਲਬਾਤ ਕਰਨ ਅਤੇ ਸੁਵਿਧਾ ਸੇਵਾਵਾਂ ਅਤੇ ਸੰਚਾਲਨ ਬਾਰੇ ਸਿੱਧੀ ਫੀਡਬੈਕ ਪ੍ਰਾਪਤ ਕਰਨ ਦਾ ਮੌਕਾ ਮਿਲਿਆ।