#OTHERS

ਇਮਰਾਨ ਦੇ ਸਮਰਥਕਾਂ ਨੇ ਪਾਕਿਸਤਾਨ Elections ‘ਚ ਜਿੱਤੀਆਂ ਸਭ ਤੋਂ ਵੱਧ 99 ਸੀਟਾਂ

ਇਸਲਾਮਾਬਾਦ, 10 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ‘ਚ ਆਮ ਚੋਣਾਂ ਤੋਂ ਬਾਅਦ ਜਾਰੀ ਗਿਣਤੀ ਦੀ ਪ੍ਰਕਿਰਿਆ ਸ਼ਨੀਵਾਰ ਨੂੰ ਪੂਰੀ ਹੋਣ ਦੇ ਨੇੜੇ ਹੈ, ਪਰ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਦਾ ਨਜ਼ਰ ਆ ਰਿਹਾ ਹੈ ਅਤੇ ਨਕਦੀ ਦੀ ਕਿੱਲਤ ਵਾਲੇ ਦੇਸ਼ ਵਿਚ ਸਿਆਸੀ ਸਥਿਰਤਾ ਅਜੇ ਵੀ ਪੂਰਾ ਨਾ ਹੋਣ ਵਾਲਾ ਸੁਫ਼ਨਾ ਲੱਗ ਰਹੀ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ ਅਨੁਸਾਰ ਨੈਸ਼ਨਲ ਅਸੈਂਬਲੀ ਦੀਆਂ 250 ਸੀਟਾਂ ‘ਤੇ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ ਅਤੇ ਆਜ਼ਾਦ ਉਮੀਦਵਾਰਾਂ ਨੇ ਸਭ ਤੋਂ ਵੱਧ 99 ਸੀਟਾਂ ਜਿੱਤੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਮੀਦਵਾਰਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ‘ਤਹਿਰੀਕ-ਏ-ਇਨਸਾਫ਼’ (ਪੀ.ਟੀ.ਆਈ.) ਦਾ ਸਮਰਥਨ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੇ 71 ਸੀਟਾਂ, ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ 53 ਅਤੇ ਮੁਤਾਹਿਦਾ ਕੌਮੀ ਮੂਵਮੈਂਟ ਨੇ 17 ਸੀਟਾਂ ਜਿੱਤੀਆਂ ਹਨ। ਆਜ਼ਾਦ ਉਮੀਦਵਾਰ ਭਾਵੇਂ ਹੀ ਖਾਨ ਦੀ ਪਾਰਟੀ ਦੇ ਸਮਰਥਨ ਨਾਲ ਚੁਣੇ ਗਏ ਹਨ ਪਰ ਉਹ ਕਿਸੇ ਵੀ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ, ਜਿਸ ਕਾਰਨ ਅਸਥਿਰਤਾ ਦੀ ਸੰਭਾਵਨਾ ਹੈ। ਪੀ.ਐੱਮ.ਐੱਲ.-ਐੱਨ. ਦੇ ਮੁਖੀ ਨਵਾਜ਼ ਸ਼ਰੀਫ਼ ਨੇ ਸ਼ੁੱਕਰਵਾਰ ਸ਼ਾਮ ਨੂੰ ਐਲਾਨ ਕੀਤਾ ਸੀ ਕਿ ਉਹ ਗੱਠਜੋੜ ਸਰਕਾਰ ਬਣਾਉਣ ਲਈ ਵਿਚਾਰ-ਵਟਾਂਦਰਾ ਸ਼ੁਰੂ ਕਰ ਰਹੇ ਹਨ, ਪਰ ਭਵਿੱਖ ਦਾ ਰੋਡਮੈਪ ਸਾਹਮਣੇ ਆਉਣ ਵਿਚ ਕਈ ਦਿਨ ਲੱਗ ਸਕਦੇ ਹਨ।
ਇੱਥੇ ਦੱਸ ਦੇਈਏ ਕਿ ਨੈਸ਼ਨਲ ਅਸੈਂਬਲੀ ਦੀਆਂ 336 ਸੀਟਾਂ ‘ਚੋਂ 266 ‘ਤੇ ਵੋਟਿੰਗ ਕਰਾਈ ਜਾਂਦੀ ਹੈ ਪਰ ਬਾਜੌਰ ‘ਚ ਇਕ ਉਮੀਦਵਾਰ ਦੇ ਹਮਲੇ ‘ਚ ਮਾਰੇ ਜਾਣ ਤੋਂ ਬਾਅਦ ਇਕ ਸੀਟ ‘ਤੇ ਵੋਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਹੋਰ 60 ਸੀਟਾਂ ਔਰਤਾਂ ਲਈ ਅਤੇ 10 ਘੱਟ ਗਿਣਤੀਆਂ ਲਈ ਰਾਖਵੀਆਂ ਹਨ ਅਤੇ ਅਨੁਪਾਤਕ ਪ੍ਰਤੀਨਿਧਤਾ ਦੇ ਆਧਾਰ ‘ਤੇ ਜੇਤੂ ਪਾਰਟੀਆਂ ਨੂੰ ਅਲਾਟ ਕੀਤੀਆਂ ਜਾਂਦੀਆਂ ਹਨ। ਨਵੀਂ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 265 ਵਿਚੋਂ 133 ਸੀਟਾਂ ਜਿੱਤਣੀਆਂ ਪੈਣਗੀਆਂ। ਆਮ ਚੋਣਾਂ ਲਈ ਵੋਟਿੰਗ ਵੀਰਵਾਰ ਨੂੰ ਸ਼ਾਮ 5 ਵਜੇ ਖਤਮ ਹੋ ਗਈ ਅਤੇ ਇਸ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਉਮੀਦ ਕੀਤੀ ਜਾ ਰਹੀ ਸੀ ਕਿ ਸ਼ੁੱਕਰਵਾਰ ਸਵੇਰ ਤੱਕ ਗਿਣਤੀ ਦੇ ਨਤੀਜੇ ਆ ਜਾਣਗੇ ਪਰ ਨਤੀਜਿਆਂ ਦੇ ਐਲਾਨ ‘ਚ ਦੇਰੀ ਨੇ ਵੋਟਾਂ ‘ਚ ਹੇਰਾਫੇਰੀ ਦਾ ਡਰ ਹੋਰ ਮਜ਼ਬੂਤ ਕਰ ਦਿੱਤਾ ਹੈ।