#OTHERS

ਇਮਰਾਨ ਦੀ ਪਾਰਟੀ ਵੱਲੋਂ ਉਮਰ ਅਯੂਬ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ

ਇਸਲਾਮਾਬਾਦ, 16 ਫਰਵਰੀ (ਪੰਜਾਬ ਮੇਲ)- ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਨੇ ਸਕੱਤਰ ਜਨਰਲ ਉਮਰ ਅਯੂਬ ਖ਼ਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੀ.ਟੀ.ਆਈ. ਦੇ ਸੀਨੀਅਰ ਆਗੂ ਗੌਹਰ ਖ਼ਾਨ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਮੀਆਂ ਅਸਲਮ ਇਕਬਾਲ ਨੂੰ ਪੰਜਾਬ ਜਦਕਿ ਸਲਾਰ ਸਾਹੇਬ ਨੂੰ ਬਲੋਚਿਸਤਾਨ ਦੇ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ। ਉਮਰ ਸਾਬਕਾ ਫ਼ੌਜੀ ਤਾਨਾਸ਼ਾਹ ਅਯੂਬ ਖ਼ਾਨ ਦਾ ਪੋਤਾ ਹੈ। ਉਮਰ 2018 ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ‘ਚ ਸ਼ਾਮਲ ਹੋਇਆ ਸੀ। ਉਸ ਨੇ 2013 ‘ਚ ਪਾਕਿਸਤਾਨ ਮੁਸਲਿਮ ਲੀਗ-ਐੱਨ ਵੱਲੋਂ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਹਰੀਪੁਰ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਿਆ ਸੀ। ਆਮ ਚੋਣਾਂ ‘ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਣ ਕਰਕੇ ਪਾਕਿਸਤਾਨ ‘ਚ ਅਜੇ ਨਵੀਂ ਸਰਕਾਰ ਦਾ ਗਠਨ ਨਹੀਂ ਹੋਇਆ ਹੈ। ਇਮਰਾਨ ਖ਼ਾਨ ਦੀ ਪਾਰਟੀ ਦੇ ਸਮਰਥਨ ਨਾਲ 100 ਤੋਂ ਵਧ ਉਮੀਦਵਾਰ ਚੋਣ ਜਿੱਤੇ ਹਨ। ਉਧਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਆਪਣੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਸ਼ਾਹਬਾਜ਼ ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਚਾਰ ਹੋਰ ਛੋਟੀਆਂ ਪਾਰਟੀਆਂ ਹਮਾਇਤ ਦੇ ਰਹੀਆਂ ਹਨ।
ਇਮਰਾਨ ਖਾਨ ਨੇ ਅਮਰੀਕਾ ਤੋਂ ਮਦਦ ਮੰਗੀ
ਇਸਲਾਮਾਬਾਦ: ਜੇਲ੍ਹ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਾਸ਼ਿੰਗਟਨ ਨੂੰ ਵਿਸ਼ੇਸ਼ ਸੁਨੇਹਾ ਭੇਜ ਕੇ ਅਮਰੀਕਾ ਤੋਂ ਮਦਦ ਮੰਗੀ ਹੈ ਅਤੇ ਕਿਹਾ ਹੈ ਕਿ ਉਸ ਨੂੰ ਪਾਕਿਸਤਾਨ ‘ਚ ਆਮ ਚੋਣਾਂ ਦੌਰਾਨ ਹੋਈ ਧਾਂਦਲੀ ਖ਼ਿਲਾਫ਼ ਆਵਾਜ਼ ਉਠਾਉਣੀ ਤੇ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਮਰਾਨ ਦੀ ਪਾਰਟੀ (ਪੀ.ਟੀ.ਆਈ.) ਦੇ ਬੁਲਾਰੇ ਅਸਦ ਕੈਸਰ ਨੇ ਕਿਹਾ ਕਿ ਇਮਰਾਨ ਨੇ ਅਮਰੀਕਾ ਨੂੰ ਸੁਨੇਹਾ ਭੇਜ ਕੇ ਇਨ੍ਹਾਂ ਚੋਣਾਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਕਿਹਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਅਮਰੀਕਾ ਨੇ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਈ। ਇਸੇ ਦੌਰਾਨ ਪੀ.ਟੀ.ਆਈ. ਨੇ ਐਲਾਨ ਕੀਤਾ ਕਿ ਚੋਣਾਂ ‘ਚ ਕੀਤੀ ਗਈ ਧਾਂਦਲੀ ਖ਼ਿਲਾਫ਼ 17 ਫਰਵਰੀ ਨੂੰ ਦੇਸ਼ ਭਰ ‘ਚ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰੇ ਕੀਤੇ ਜਾਣਗੇ।