#OTHERS

ਇਮਰਾਨ ਖਾਨ ਨੇ ਜਨਾਦੇਸ਼ ਚੋਰੀ ਕਰਨ ਵਾਲਿਆਂ ਖ਼ਿਲਾਫ਼ ਦੇਸ਼ਧ੍ਰੋਹ ਦੀ ਕਾਰਵਾਈ ਸ਼ੁਰੂ ਕਰਨ ਦੀ ਕੀਤੀ ਮੰਗ

ਇਸਲਾਮਾਬਾਦ, 18 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫਰਵਰੀ ਵਿਚ ਹੋਈਆਂ ਆਮ ਚੋਣਾਂ ‘ਚ ਕਥਿਤ ਤੌਰ ‘ਤੇ ਜਨਾਦੇਸ਼ ਦੀ ਚੋਰੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਦੇਸ਼ਧ੍ਰੋਹ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਖਾਨ ਦੀਆਂ ਟਿੱਪਣੀਆਂ ਉਦੋਂ ਆਈਆਂ, ਜਦੋਂ ਉਨ੍ਹਾਂ ਨੇ ਸ਼ਨੀਵਾਰ ਨੂੰ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮਾਮਲੇ ‘ਚ ਇਮਰਾਨ ਤੋਂ ਇਲਾਵਾ ਉਸ ਦੀ ਪਤਨੀ ਬੁਸ਼ਰਾ ਬੀਬੀ, ਸਹਿਯੋਗੀ ਫਰਾਹ ਗੋਗੀ ਅਤੇ ਉੱਘੇ ਕਾਰੋਬਾਰੀ ਮਲਿਕ ਰਿਆਜ਼ ਵੀ ਸ਼ਾਮਲ ਹਨ।
ਪਾਕਿਸਤਾਨ ‘ਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ‘ਚ ਧਾਂਦਲੀ ਦੇ ਦੋਸ਼ ਲੱਗੇ ਸਨ। ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸਮਰਥਨ ਵਾਲੇ 90 ਤੋਂ ਵੱਧ ਆਜ਼ਾਦ ਉਮੀਦਵਾਰਾਂ ਨੇ ਨੈਸ਼ਨਲ ਅਸੈਂਬਲੀ ਦੀਆਂ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ, ਪਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਸਾਬਕਾ ਪਾਕਿਸਤਾਨ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਚੋਣਾਂ ਤੋਂ ਬਾਅਦ ਸਮਝੌਤਾ ਕੀਤਾ ਅਤੇ ਦੇਸ਼ ਵਿਚ ਗੱਠਜੋੜ ਸਰਕਾਰ ਬਣਾਈ। ਪੀ.ਟੀ.ਆਈ. ਦਾ ਕਹਿਣਾ ਹੈ ਕਿ ਨਵੀਂ ਸਰਕਾਰ ਜਨਾਦੇਸ਼ ਚੋਰੀ ਕਰਕੇ ਬਣਾਈ ਗਈ ਹੈ।
‘ਡਾਨ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਖਾਨ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਤਿੰਨ ਕਰੋੜ ਤੋਂ ਵੱਧ ਵੋਟਾਂ ਮਿਲੀਆਂ ਹਨ, ਜਦੋਂਕਿ ਬਾਕੀ 17 ਸਿਆਸੀ ਪਾਰਟੀਆਂ ਨੂੰ ਮਿਲਾ ਕੇ ਓਨੇ ਹੀ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਚੋਣਾਂ ਵਿਚ ਹੋਈਆਂ ਬੇਨਿਯਮੀਆਂ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਕੋਲ ਉਠਾਇਆ ਅਤੇ ਗੈਰ-ਸਰਕਾਰੀ ਸੰਸਥਾਵਾਂ ਨੇ ਵੀ ਚੋਣ ਪ੍ਰਕਿਰਿਆ ਵਿਚ ਖਾਮੀਆਂ ਵੱਲ ਧਿਆਨ ਦਿੱਤਾ। ਖਾਨ ਨੇ ਕਿਹਾ, ”ਪਹਿਲਾਂ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਪੀ.ਟੀ.ਆਈ. ਨੂੰ ਉਸਦੇ ਚੋਣ ਨਿਸ਼ਾਨ ਬੱਲੇ ਤੋਂ ਵਾਂਝਾ ਕੀਤਾ ਗਿਆ ਅਤੇ ਫਿਰ ਇਸਨੂੰ ਰਾਖਵੀਆਂ ਸੀਟਾਂ ‘ਤੇ ਉਸਦੇ ਹਿੱਸੇ ਤੋਂ ਵਾਂਝਾ ਕਰ ਦਿੱਤਾ ਗਿਆ।” ਉਸਨੇ ਜਨਾਦੇਸ਼ ਚੋਰੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਦੇਸ਼ ਧ੍ਰੋਹ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਵੀ ਕੀਤੀ।