#OTHERS

ਇਮਰਾਨ ਖਾਨ ਨੂੰ 12 ਮਾਮਲਿਆਂ ‘ਚ ਮਿਲੀ ਜ਼ਮਾਨਤ

ਇਸਲਾਮਾਬਾਦ, 10 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ 9 ਮਈ ਦੀ ਹਿੰਸਾ ਨਾਲ ਜੁੜੇ 12 ਮਾਮਲਿਆਂ ‘ਚ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਏਟੀਸੀ ਜੱਜ ਮਲਿਕ ਏਜਾਜ਼ ਆਸਿਫ਼ ਨੇ ਕਿਹਾ ਕਿ ਪੀ.ਟੀ.ਆਈ. ਦੇ ਸੰਸਥਾਪਕ ਨੂੰ ਹਿਰਾਸਤ ਵਿਚ ਰੱਖਣ ਦਾ ਕੋਈ ਵੀ ਤਰਕ ਨਹੀਂ ਹੈ। ਜੱਜ ਨੇ ਖਾਨ ਨੂੰ 1 ਲੱਖ ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਜ਼ਮਾਨਤ ਦੇ ਦਿੱਤੀ। ਇਮਰਾਨ ਖਾਨ ਫਿਲਹਾਲ ਜੇਲ੍ਹ ਵਿਚ ਹੀ ਰਹਿਣਗੇ, ਕਿਉਂਕਿ ਉਨ੍ਹਾਂ ਨੂੰ ਕਈ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਦਾ ਇਹ ਹੁਕਮ ਖਾਨ ਦੀ ਪਾਰਟੀ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰਾਂ ਨੇ ਨੈਸ਼ਨਲ ਅਸੈਂਬਲੀ ਵਿਚ ਤਕਰੀਬਨ 100 ਸੀਟਾਂ ਜਿੱਤਣ ਤੋਂ ਇਕ ਦਿਨ ਬਾਅਦ ਆਇਆ ਹੈ। ਇਸੇ ਮਾਮਲੇ ਵਿਚ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਨੂੰ ਵੀ 13 ਮਾਮਲਿਆਂ ਵਿਚ ਜ਼ਮਾਨਤ ਦਿੱਤੀ ਗਈ ਹੈ ਪਰ ਕੁਰੈਸ਼ੀ, ਜੋ ਹੋਰ ਮਾਮਲਿਆਂ ਵਿਚ ਵੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹਨ, ਨੂੰ ਵੀ ਰਿਹਾਅ ਨਹੀਂ ਕੀਤਾ ਜਾਵੇਗਾ।
ਖਾਨ ਅਤੇ ਪੀ.ਟੀ.ਆਈ. ਦੇ ਦਿੱਗਜ ਕੁਰੈਸ਼ੀ ਨੂੰ 6 ਫਰਵਰੀ ਨੂੰ ਇਨ੍ਹਾਂ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਨੇ ਜੱਜ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ 9 ਮਈ ਨੂੰ ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਦੇ ਕੰਪਲੈਕਸ ਤੋਂ ਗੈਰ-ਕਾਨੂੰਨੀ ਤੌਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਖਾਨ ‘ਤੇ 9 ਮਈ ਦੀ ਹਿੰਸਾ ਨਾਲ ਸਬੰਧਤ ਕਈ ਕੇਸ ਦਰਜ ਕੀਤੇ ਗਏ ਸਨ, ਜੋ ਕਥਿਤ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਭੜਕੀ ਸੀ। ਵਿਰੋਧ ਪ੍ਰਦਰਸ਼ਨਾਂ ਦੌਰਾਨ, ਰਾਵਲਪਿੰਡੀ ਵਿਚ ਫੌਜ ਦੇ ਹੈੱਡਕੁਆਰਟਰ ਸਮੇਤ 20 ਤੋਂ ਵੱਧ ਫੌਜੀ ਅਦਾਰਿਆਂ ਅਤੇ ਰਾਜ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।