#AMERICA

ਇਤਿਹਾਸਕ ਨਾਟਕ ”ਜ਼ਫਰਨਾਮਾ” 3 ਅਗਸਤ ਨੂੰ ਸਿਆਟਲ ਵਿਚ ਖੇਡਿਆ ਜਾਵੇਗਾ

ਸਿਆਟਲ, 10 ਜੁਲਾਈ (ਗੁਰਚਰਨ ਸਿੰਘ ਢਿਲੋਂ/ਪੰਜਾਬ ਮੇਲ)- ਪੰਜਾਬ ਲੋਕ ਰੰਗਮੰਚ ਵਲੋਂ ਨਾਟਕਕਾਰ ਸਰਦਾਰ ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਇਤਿਹਾਸਕ ਨਾਟਕ ”ਜ਼ਫਰਨਾਮਾ” ਔਬਰਨ ਪ੍ਰਫੌਰਮੈਂਸ ਆਰਟ ਸੈਂਟਰ ਵਿਚ ਖੇਡਿਆ ਜਾਵੇਗਾ। ”ਸਾਡਾ ਟੀ.ਵੀ. ਯੂ.ਐੱਸ.ਏ.” ਅਤੇ ਸਿਮਰਨ ਪ੍ਰੋਡਕਸ਼ਨ ਵਲੋਂ ਸਿਆਟਲ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਨਾਟਕ ਦਾ ਲੋਕਾਂ ਵਲੋਂ ਬੜੀ ਸ਼ਿੱਦਤ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ। ਸਿਮਰਨ ਸਿੰਘ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸਿੱਖ ਇਤਿਹਾਸ ਦੇ ਪੱਤਰਿਆਂ ਨੂੰ ਫਰੋਲਦਾ ਇਹ ਨਾਟਕ ਦਰਸ਼ਕਾਂ ਨੂੰ ਇੱਕ ਵੱਖਰੇ ਵਿਸਮਾਦ ਵੱਲ ਲੈ ਜਾਵੇਗਾ। ਪਹਾੜੀ ਰਾਜਿਆਂ ਦੇ ਦੋਗਲੇ ਕਿਰਦਾਰ ਨੂੰ ਉਘੇੜਦਾ ਅਨੰਦਪੁਰ ਸਹਿਬ ਦੇ ਕਿਲ੍ਹੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਦਰਸਾਉਂਦਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ ”ਜ਼ਫਰਨਾਮੇ” ਤੱਕ ਪਹੁੰਚੇਗਾ। ਇਸ ਨਾਟਕ ਵਿਚ ਔਰੰਗਜ਼ੇਬ ਦੀ ਜ਼ਿੰਦਗੀ ਦੇ ਆਖਰੀ ਪਲਾਂ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਜਾਵੇਗਾ। ”ਸਾਡਾ ਟੀ.ਵੀ. ਯੂ.ਐੱਸ.ਏ.” ਅਤੇ ਸਿਮਰਨ ਪ੍ਰੋਡਕਸ਼ਨ ਦੇ ਸੰਚਾਲਕ ਸਿਮਰਨ ਸਿੰਘ ਨੇ ਦੱਸਿਆ ਕਿ ਨਾਟਕਕਾਰ ਸਰਦਾਰ ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਪਹਿਲਾਂ ਵੀ ”ਮਹਾਂਰਾਣੀ ਜਿੰਦਾਂ” ਅਤੇ ”ਮਿਟੀ ਧੁੰਦ ਜੱਗ ਚਾਨਣ ਹੋਆ” ਇਤਿਹਾਸਕ ਨਾਟਕ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਬਹੁਤ ਸਲਾਹਿਆ ਗਿਆ ਸੀ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਨਾਟਕਕਾਰੀ ਦੀ ਇਸ ਕਲਾ ਨੂੰ ਜਿਉਂਦਾ ਰੱਖਣ ਅਤੇ ਕਲਾਕਾਰਾਂ ਦਾ ਹੌਂਸਲਾ ਵਧਾਉਣ ਲਈ 3 ਅਗਸਤ ਨੂੰ ਵੱਧ ਤੋਂ ਵੱਧ ਸੰਗਤਾਂ ਲੈ ਕੇ ਔਬਰਨ ਪ੍ਰਫੌਰਮੈਂਸ ਆਰਟ ਸੈਂਟਰ ਵਿਚ ਪਹੁੰਚੀਏ।