#EUROPE

ਇਜ਼ਰਾਈਲ-ਹਮਾਸ ਜੰਗ: ਗਾਜ਼ਾ ਦੇ 23 ਲੱਖ ਲੋਕਾਂ ‘ਚੋਂ 22 ਲੱਖ ਕਰ ਰਹੇ ਨੇ ਭੋਜਨ ਦੀ ਕਮੀ ਦਾ ਸਾਹਮਣਾ

-ਜਹਾਜ਼ਾਂ ਤੋਂ ਭੋਜਨ ਸੁੱਟਣ ਦੀਆਂ ਤਿਆਰੀਆਂ
-19 ਲੱਖ ਲੋਕ ਹੋਏ ਬੇਘਰ
ਤੇਲ ਅਵੀਵ, 15 ਜਨਵਰੀ (ਪੰਜਾਬ ਮੇਲ)- 7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਦੇ ਹਮਲੇ ‘ਚ 1200 ਤੋਂ ਜ਼ਿਆਦਾ ਇਜ਼ਰਾਇਲੀ ਲੋਕ ਮਾਰੇ ਗਏ ਸਨ। 9 ਅਕਤੂਬਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਦੀ ਨਾਕਾਬੰਦੀ ਦਾ ਹੁਕਮ ਦਿੱਤਾ ਸੀ। 13 ਅਕਤੂਬਰ ਨੂੰ, ਇਜ਼ਰਾਈਲੀ ਫੌਜ ਨੇ ਗਾਜ਼ਾ ਵਿਚ ਕਾਰਵਾਈ ਸ਼ੁਰੂ ਕੀਤੀ। ਇਸ ਕਾਰਨ 19 ਲੱਖ ਲੋਕ ਬੇਘਰ ਹੋ ਗਏ ਹਨ।
ਹਮਲੇ ਤੋਂ ਪਹਿਲਾਂ ਗਾਜ਼ਾ ਨੂੰ ਹਰ ਰੋਜ਼ ਰਾਹਤ ਸਮੱਗਰੀ ਦੇ 500 ਟਰੱਕਾਂ ਦੀ ਲੋੜ ਹੁੰਦੀ ਸੀ, ਪਰ ਹੁਣ ਹਰ ਰੋਜ਼ ਸਿਰਫ਼ 120 ਟਰੱਕ ਹੀ ਉਪਲਬਧ ਹਨ। ਗਾਜ਼ਾ ਦੇ 23 ਲੱਖ ਲੋਕਾਂ ਵਿਚੋਂ 22 ਲੱਖ ਨੂੰ ਭੋਜਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਧ ਪੂਰਬ ਦੇ ਮਾਮਲਿਆਂ ਦੇ ਮਾਹਿਰ ਅਹਿਮਦ ਅਲਖਤਿਬ ਦਾ ਕਹਿਣਾ ਹੈ ਕਿ ਗਾਜ਼ਾ ਨੂੰ ਭੁੱਖਮਰੀ ਤੋਂ ਬਚਾਉਣ ਲਈ ਜਹਾਜ਼ਾਂ ਤੋਂ ਰਾਹਤ ਸਮੱਗਰੀ ਸੁੱਟੀ ਜਾ ਸਕਦੀ ਹੈ। ਰੈੱਡ ਕਰਾਸ ਸਮੇਤ ਕਈ ਸੰਸਥਾਵਾਂ ਦਾ ਕਹਿਣਾ ਹੈ ਕਿ ਟੁੱਟੀਆਂ ਸੜਕਾਂ ਕਾਰਨ ਰਾਹਤ ਪਹੁੰਚ ਨਹੀਂ ਰਹੀ ਹੈ। ਸੰਯੁਕਤ ਰਾਸ਼ਟਰ ਨੇ ਪਹਿਲਾਂ ਦੱਖਣੀ ਸੁਡਾਨ ਅਤੇ ਡੀ.ਆਰ. ਕਾਂਗੋ ਵਿਚ ਅਜਿਹਾ ਕੀਤਾ ਹੈ।
– ਗਾਜ਼ਾ ਵਿਚ 10 ਵਿਚੋਂ 9 ਲੋਕਾਂ ਨੂੰ 24 ਘੰਟਿਆਂ ਵਿਚ ਭੋਜਨ ਨਹੀਂ ਮਿਲ ਰਿਹਾ ਹੈ।
– ਗਾਜ਼ਾ ‘ਚ 100 ਦਿਨਾਂ ‘ਚ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 9600 ਬੱਚੇ ਅਤੇ 6750 ਔਰਤਾਂ ਹਨ।
– ਗਾਜ਼ਾ ਵਿਚ 60 ਹਜ਼ਾਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 8663 ਬੱਚੇ ਅਤੇ 6327 ਔਰਤਾਂ ਹਨ।
ਤੇਲ ਅਵੀਵ ਵਿਚ 1.20 ਲੱਖ ਤੋਂ ਵੱਧ ਲੋਕਾਂ ਨੇ ਰੈਲੀ ਕੱਢੀ। ਉਨ੍ਹਾਂ ਦੀ ਮੰਗ ਹੈ ਕਿ ਹਮਾਸ ਵੱਲੋਂ ਬੰਧਕ ਬਣਾਏ ਗਏ 132 ਲੋਕਾਂ ਨੂੰ ਰਿਹਾਅ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਨੇਤਨਯਾਹੂ ਸਰਕਾਰ ਨੂੰ ਲੋਕਾਂ ਦੀ ਰਿਹਾਈ ਲਈ ਯਤਨ ਤੇਜ਼ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ ਗਾਜ਼ਾ ਵਿਚ ਜੰਗਬੰਦੀ ਲਈ ਹਜ਼ਾਰਾਂ ਲੋਕਾਂ ਨੇ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਗਾਜ਼ਾ ‘ਚ ਇਜ਼ਰਾਈਲ ਦੀ ਜੰਗ ਤੀਜੇ ਪੜਾਅ ‘ਤੇ ਪਹੁੰਚ ਗਈ ਹੈ, ਜਿਸ ‘ਚ ਫੌਜ ਦੱਖਣੀ ਗਾਜ਼ਾ ‘ਤੇ ਆਪਣਾ ਧਿਆਨ ਕੇਂਦਰਿਤ ਕਰਨ ਜਾ ਰਹੀ ਹੈ।

ਹਮਾਸ ਨੂੰ ਤਬਾਹ ਕਰਨ ਤੋਂ ਕੋਈ ਨਹੀਂ ਰੋਕ ਸਕਦਾ: ਨੇਤਨਯਾਹੂ
ਐਤਵਾਰ ਨੂੰ ਹਮਾਸ ਦੇ ਹਮਲੇ ਦੇ 100 ਦਿਨ ਪੂਰੇ ਹੋਣ ਦੇ ਮੌਕੇ ‘ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਹਮਾਸ ਨੂੰ ਖਤਮ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਸਾਨੂੰ ਕੋਈ ਨਹੀਂ ਰੋਕ ਸਕਦਾ, ਨਾ ਹੇਗ, ਨਾ ਅੱਤਵਾਦੀ ਸਮੂਹ ਅਤੇ ਨਾ ਕੋਈ ਹੋਰ। ਦੱਖਣੀ ਅਫ਼ਰੀਕਾ ਨਸਲਕੁਸ਼ੀ ਦਾ ਪ੍ਰਪੋਗੇਂਡਾ ਉਨ੍ਹਾਂ ਲੋਕਾਂ ਦੇ ਇਸ਼ਾਰੇ ‘ਤੇ ਲਿਆਇਆ ਗਿਆ ਜੋ ਯਹੂਦੀ ਲੋਕਾਂ ਦਾ ਕਤਲੇਆਮ ਕਰਨ ਆਏ ਸਨ। ਇਸ ਦੌਰਾਨ ਗਾਜ਼ਾ ‘ਚ ਇਜ਼ਰਾਈਲ ਦੇ ਹਮਲੇ ਜਾਰੀ ਹਨ।