#OTHERS

ਇਜ਼ਰਾਈਲ ਫੌਜ ਵੱਲੋਂ ਈਰਾਨ ਦੇ ਤੇਲ ਡਿਪੂਆਂ ਨੂੰ ਨਿਸ਼ਾਨਾ ਬਣਾਉਣ ‘ਤੇ ਅਮਰੀਕਾ ਵੱਲੋਂ ਨਾਰਾਜ਼ਗੀ ਜ਼ਾਹਿਰ

ਤਹਿਰਾਨ, 11 ਮਾਰਚ (ਪੰਜਾਬ ਮੇਲ)- ਮੱਧ ਪੂਰਬ ਵਿਚ ਚੱਲ ਰਹੇ ਯੁੱਧ ਦੇ ਵਿਚਕਾਰ, ਇਜ਼ਰਾਈਲ ਅਤੇ ਉਸਦੇ ਸਭ ਤੋਂ ਕਰੀਬੀ ਸਹਿਯੋਗੀ ਦੇਸ਼ ਅਮਰੀਕਾ ਵਿਚਕਾਰ ਦਰਾਰ ਪੈਦਾ ਹੁੰਦੀ ਨਜ਼ਰ ਆ ਰਹੀ ਹੈ। ਅਮਰੀਕਾ ਇਜ਼ਰਾਈਲ ਦੀ ਉਸ ਕਾਰਵਾਈ ਤੋਂ ਗੰਭੀਰ ਨਾਰਾਜ਼ ਹੈ, ਜਿਸ ਵਿਚ ਇਜ਼ਰਾਈਲੀ ਫੌਜ ਨੇ ਈਰਾਨ ਦੇ ਤੇਲ ਡਿਪੂਆਂ ਅਤੇ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਹਮਲੇ ਨੇ ਜੰਗ ਨੂੰ ਇੱਕ ਅਜਿਹੇ ਖ਼ਤਰਨਾਕ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ, ਜਿਸ ਦੀ ਉਮੀਦ ਨਹੀਂ ਸੀ। ਇਜ਼ਰਾਈਲ ਨੇ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਤੇਲ ਸਹੂਲਤਾਂ ‘ਤੇ ਹਮਲਾ ਕੀਤਾ ਗਿਆ ਹੈ, ਉਨ੍ਹਾਂ ਦੀ ਵਰਤੋਂ ਈਰਾਨ ਵੱਲੋਂ ਮਿਜ਼ਾਈਲ ਲਾਂਚਰਾਂ ਨੂੰ ਰਿਫਿਊਲ ਕਰਨ ਲਈ ਕੀਤੀ ਜਾਂਦੀ ਸੀ। ਹਾਲਾਂਕਿ, ਅਮਰੀਕਾ ਇਸ ਦਲੀਲ ਤੋਂ ਸੰਤੁਸ਼ਟ ਨਹੀਂ ਹੈ। ਰਿਪੋਰਟਾਂ ਅਨੁਸਾਰ, ਜਦੋਂ ਤੇਲ ਅਵੀਵ ਨੇ ਅਮਰੀਕਾ ਨੂੰ ਇਨ੍ਹਾਂ ਹਮਲਿਆਂ ਬਾਰੇ ਸੂਚਿਤ ਕੀਤਾ, ਤਾਂ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਹੈਰਾਨੀ ਅਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ, ”ਤੁਸੀਂ ਇਹ ਕੀ ਕੀਤਾ ਹੈ?” ਅਮਰੀਕਾ ਦਾ ਮੰਨਣਾ ਹੈ ਕਿ ਇੰਨੇ ਭਿਆਨਕ ਹਮਲੇ ਨਾਲ ਜੰਗ ਦਾ ਘੇਰਾ ਬੇਲੋੜਾ ਵਧਿਆ ਹੈ, ਜੋ ਕਿ ਈਰਾਨ ਦੇ ਆਮ ਨਾਗਰਿਕਾਂ ਲਈ ਗੰਭੀਰ ਮੁਸੀਬਤਾਂ ਦਾ ਸਬੱਬ ਬਣ ਰਿਹਾ ਹੈ। ਇਸ ਹਮਲੇ ਦੇ ਨਤੀਜੇ ਵਜੋਂ ਤਹਿਰਾਨ ਵਿਚ ਸਥਿਤ ਤਿੰਨ ਵੱਡੇ ਤੇਲ ਡਿਪੂਆਂ ਅਤੇ ਇੱਕ ਰਿਫਾਇਨਰੀ ਵਿਚ ਭਿਆਨਕ ਅੱਗ ਲੱਗ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਗ ਇੰਨੀ ਜ਼ਿਆਦਾ ਸੀ ਕਿ ਅਜਿਹਾ ਲੱਗ ਰਿਹਾ ਸੀ, ਜਿਵੇਂ ‘ਅੱਗ ਦਾ ਦਰਿਆ’ ਵਗ ਰਿਹਾ ਹੋਵੇ। ਇਸ ਹਮਲੇ ਕਾਰਨ ਉੱਠੇ ਜ਼ਹਿਰੀਲੇ ਧੂੰਏਂ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਤਹਿਰਾਨ ਦੀ ਹਵਾ ਹੁਣ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਲੋਕਾਂ ਨੂੰ ਮਾਸਕ ਪਾ ਕੇ ਰਹਿਣ ਅਤੇ ਬਹੁਤ ਜ਼ਰੂਰੀ ਨਾ ਹੋਣ ‘ਤੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਮਾਰਤਾਂ ਅਤੇ ਖੇਤਰਾਂ ‘ਤੇ ਤੇਲ ਦੀ ਮੋਟੀ ਪਰਤ ਜਮ੍ਹਾਂ ਹੋ ਗਈ ਹੈ, ਜਿਸ ਨਾਲ ਸਿਹਤ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ।