#world

ਇਜ਼ਰਾਈਲ ਨੇ ਗਾਜ਼ਾ ਵਿਚੋਂ ਫ਼ੌਜ ਹਟਾਉਣੀ ਸ਼ੁਰੂ ਕੀਤੀ

ਤਲ ਅਵੀਵ, 2  ਜਨਵਰੀ (ਪੰਜਾਬ ਮੇਲ) – ਇਜ਼ਰਾਈਲ ਨੇ ਗਾਜ਼ਾ ਪੱਟੀ ’ਚੋਂ ਆਪਣੇ ਹਜ਼ਾਰਾਂ ਫ਼ੌਜੀ ਜਵਾਨਾਂ ਨੂੰ ਹੁਣ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲ ਅਕਤੂਬਰ ਤੋਂ ਸ਼ੁਰੂ ਹੋਈ ਜੰਗ ਮਗਰੋਂ ਇਹ ਸਭ ਤੋਂ ਪਹਿਲਾ ਅਹਿਮ ਕਦਮ ਹੈ। ਇਜ਼ਰਾਇਲੀ ਫ਼ੌਜ ਨੇ ਹੁਣ ਦੱਖਣ ਦੇ ਮੁੱਖ ਸ਼ਹਿਰ ਵੱਲ ਧਿਆਨ ਕੇਂਦਰਤ ਕੀਤਾ ਹੈ। ਜਵਾਨਾਂ ਨੂੰ ਹਟਾਉਣ ਨਾਲ ਇਹ ਸੰਕੇਤ ਮਿਲ ਰਿਹਾ ਹੈ ਕਿ ਗਾਜ਼ਾ ਦੇ ਕੁਝ ਇਲਾਕਿਆਂ, ਖਾਸ ਕਰਕੇ ਉੱਤਰੀ ਅੱਧ ’ਚ ਹਮਲੇ ਘਟਾਏ ਜਾ ਰਹੇ ਹਨ। ਫ਼ੌਜ ਮੁਤਾਬਕ ਉਸ ਦਾ ਇਨ੍ਹਾਂ ਇਲਾਕਿਆਂ ’ਚ ਤਕਰੀਬਨ ਕਬਜ਼ਾ ਹੋ ਗਿਆ ਹੈ। ਫ਼ੌਜ ਨੇ ਇਕ ਬਿਆਨ ’ਚ ਕਿਹਾ ਕਿ ਪੰਜ ਬ੍ਰਿਗੇਡਾਂ ਜਾਂ ਕਈ ਹਜ਼ਾਰ ਜਵਾਨਾਂ ਨੂੰ ਸਿਖਲਾਈ ਅਤੇ ਆਰਾਮ ਲਈ ਆਉਂਦੇ ਹਫ਼ਤਿਆਂ ’ਚ ਗਾਜ਼ਾ ਤੋਂ ਹਟਾਇਆ ਜਾ ਰਿਹਾ ਹੈ। ਸੈਨਾ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਕਿ ਜੰਗ ਦਾ ਨਵਾਂ ਪੜਾਅ ਸ਼ੁਰੂ ਕੀਤਾ ਜਾ ਰਿਹਾ ਹੈ ਜਾਂ ਨਹੀਂ। ਉਸ ਨੇ ਕਿਹਾ ਕਿ ਲੰਮੀ ਜੰਗ ਦੀ ਲੋੜ ਹੈ ਅਤੇ ਇਜ਼ਰਾਈਲ ਉਸ ਮੁਤਾਬਕ ਤਿਆਰੀ ਕਰ ਰਿਹਾ ਹੈ। ਇਜ਼ਰਾਈਲ ’ਤੇ ਅਮਰੀਕਾ ਦਾ ਲਗਾਤਾਰ ਦਬਾਅ ਪੈ ਰਿਹਾ ਸੀ ਕਿ ਉਹ ਜੰਗ ਦਾ ਘੇਰਾ ਘਟਾਏ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਦੌਰੇ ਤੋਂ ਪਹਿਲਾਂ ਇਜ਼ਰਾਈਲ ਨੇ ਗਾਜ਼ਾ ’ਚੋਂ ਫ਼ੌਜ ਹਟਾਉਣ ਦਾ ਫ਼ੈਸਲਾ ਲਿਆ ਹੈ।