#world

ਇਜ਼ਰਾਈਲੀ ਫੌਜੀਆਂ ਨਾਲ ਸਹਿਯੋਗ ਕਰਨ ਦੇ ਦੋਸ਼ ’ਚ ਹਮਾਸ ਹਮਾਇਤੀਆਂ ਨੇ 3 ਫਿਲਸਤੀਨੀਆਂ ਨੂੰ ਦਿੱਤੀ ਸ਼ਰੇਆਮ ਫਾਂਸੀ

ਗਾਜ਼ਾ ਸਿਟੀ, 26 ਨਵੰਬਰ (ਜਾਬ ਮੇਲ)-  ਇਜ਼ਰਾਈਲੀ ਫੌਜੀਆਂ ਨਾਲ ਸਹਿਯੋਗ ਕਰਨ ਦੇ ਦੋਸ਼ ’ਚ ਵੈਸਟ ਬੈਂਕ ’ਚ ਫਿਲਸਤੀਨੀ ਸਮੂਹਾਂ ਨੇ 3 ਲੋਕਾਂ ਦੀ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਫਾਂਸੀ ਦਿੱਤੀ ਜਾ ਰਹੀ ਸੀ, ਉਸ ਸਮੇਂ ਲੋਕ ਰੌਲਾ ਪਾ ਰਹੇ ਸਨ ਕਿ ਤੁਸੀਂ ਗੱਦਾਰ ਹੋ, ਤੁਸੀਂ ਜਾਸੂਸ ਹੋ ਅਤੇ ਤੁਹਾਡਾ ਸਿਰ ਕਲਮ ਕੀਤਾ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਫੋਟੋਆਂ ਅਤੇ ਵੀਡੀਓ ’ਚ ਲੋਕਾਂ ਦੀ ਭੀੜ ਨੂੰ ਤੁਲਕਰਮ ’ਚ ਨਾਅਰੇਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ, ਜਿੱਥੇ 2 ਲੋਕਾਂ ਨੂੰ ਖੰਬੇ ’ਤੇ ਲਟਕਾ ਦਿੱਤਾ ਗਿਆ ਸੀ, ਜਦਕਿ ਤੀਜੇ ਵਿਅਕਤੀ ਦੀ ਹੱਤਿਆ ਜੇਨਿਨ ’ਚ ਹੋਈ। ਇਹ ਘਟਨਾ ਉਸ ਸਮੇਂ ਹੋਈ ਹੈ, ਜਦੋਂ ਹਮਾਸ ਨੇ ਜੰਗਬੰਦੀ ਲਈ ਹੋਏ ਇਕ ਸਮਝੌਤੇ ਤਹਿਤ ਬੰਧਕਾਂ ਨੂੰ ਰਿਹਾਅ ਕੀਤਾ। ਤੁਲਕਰਮ ’ਚ ਮਾਰੇ ਗਏ ਲੋਕਾਂ ਦੀ ਪਛਾਣ 31 ਸਾਲਾ ਹਮਜ਼ਾ ਮੁਬਾਰਕ ਅਤੇ 29 ਸਾਲਾ ਆਜ਼ਮ ਜੁਬਰਾ ਵਜੋਂ ਹੋਈ ਹੈ। ਇਨ੍ਹਾਂ ਲੋਕਾਂ ਨੇ ਕਥਿਤ ਤੌਰ ’ਤੇ ਇਕ ਵੀਡੀਓ ’ਚ ਕਬੂਲ ਕੀਤਾ ਸੀ ਕਿ ਉਨ੍ਹਾਂ ਨੂੰ ਆਈ. ਡੀ. ਐੱਫ. ਦੀ ਮਦਦ ਲਈ ਪੈਸਾ ਮਿਲਿਆ ਸੀ।