#EUROPE

ਇਜ਼ਰਾਇਲੀ ਫੌਜ ਵੱਲੋਂ ਫਲਸਤੀਨੀਆਂ ਨੂੰ ਦੱਖਣੀ ਗਾਜ਼ਾ ਦੇ ਹਿੱਸੇ ਖਾਲੀ ਕਰਨ ਦੀ ਚਿਤਾਵਨੀ

ਖ਼ਾਨ ਯੂਨਿਸ, 17 ਨਵੰਬਰ (ਪੰਜਾਬ ਮੇਲ)- ਇਜ਼ਰਾਇਲੀ ਫ਼ੌਜ ਨੇ ਫਲਸਤੀਨੀਆਂ ਨੂੰ ਦੱਖਣੀ ਗਾਜ਼ਾ ਦੇ ਹਿੱਸੇ ਖਾਲੀ ਕਰਨ ਦੀ ਚਿਤਾਵਨੀ ਵਾਲੇ ਪਰਚੇ ਸੁੱਟੇ ਹਨ। ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਜ਼ਰਾਇਲੀ ਫ਼ੌਜ ਉਨ੍ਹਾਂ ਇਲਾਕਿਆਂ ’ਚ ਅੱਗੇ ਵਧੇਗੀ, ਜਿਥੇ ਲੱਖਾਂ ਲੋਕ ਸੰਯੁਕਤ ਰਾਸ਼ਟਰ ਵੱਲੋਂ ਚਲਾਏ ਜਾ ਰਹੇ ਕੈਂਪਾਂ ’ਚ ਪਨਾਹ ਲੈਣ ਲਈ ਮਜਬੂਰ ਹਨ। ਪਰਚਿਆਂ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਅੱਤਵਾਦੀਆਂ ਦੇ ਇਲਾਕੇ ਜਾਂ ਉਨ੍ਹਾਂ ਦੇ ਮੋਰਚਿਆਂ ’ਤੇ ਹੋਵੇਗਾ ਤਾਂ ਉਸ ਦੀ ਜਾਨ ਖ਼ਤਰੇ ’ਚ ਹੋਵੇਗੀ। ਅਜਿਹੇ ਹੀ ਪਰਚੇ ਉੱਤਰੀ ਗਾਜ਼ਾ ’ਚ ਜ਼ਮੀਨੀ ਹਮਲੇ ਕਰਨ ਤੋਂ ਪਹਿਲਾਂ ਸੁੱਟੇ ਗਏ ਸਨ। ਜੇਕਰ ਇਜ਼ਰਾਇਲੀ ਫ਼ੌਜ ਦੱਖਣ ਵੱਲ ਅੱਗੇ ਵਧਦੀ ਹੈ, ਤਾਂ ਗਾਜ਼ਾ ਦੇ ਆਮ ਲੋਕਾਂ ਲਈ ਹੁਣ ਕੋਈ ਸੁਰੱਖਿਅਤ ਥਾਂ ਨਹੀਂ ਬਚੇਗੀ ਕਿਉਂਕਿ ਮਿਸਰ ਨੇ ਪਹਿਲਾਂ ਹੀ ਆਪਣੀ ਹੱਦ ਅੰਦਰ ਵੱਡੀ ਗਿਣਤੀ ਲੋਕਾਂ ਨੂੰ ਆਉਣ ਤੋਂ ਰੋਕ ਦਿੱਤਾ ਹੈ। ਉਧਰ ਫ਼ੌਜ ਨੇ ਉੱਤਰ ’ਚ ਸ਼ਿਫ਼ਾ ਹਸਪਤਾਲ ’ਚ ਆਪਣੀ ਤਲਾਸ਼ੀ ਮੁਹਿੰਮ ਜਾਰੀ ਰੱਖੀ ਪਰ ਉਸ ਨੂੰ ਹਮਾਸ ਦੇ ਕਮਾਂਡ ਸੈਂਟਰ ਦਾ ਕੋਈ ਥਹੁ-ਪਤਾ ਨਹੀਂ ਮਿਲਿਆ ਹੈ। ਇਜ਼ਰਾਈਲ ਨੇ ਹਸਪਤਾਲ ਦੀ ਘੇਰਾਬੰਦੀ ਇਸ ਆਧਾਰ ’ਤੇ ਕੀਤੀ ਸੀ ਕਿ ਉਥੇ ਸੁਰੰਗਾਂ ’ਚ ਹਮਾਸ ਦਾ ਕਮਾਂਡ ਸੈਂਟਰ ਹੈ, ਜਿਥੋਂ ਉਹ ਹਮਲਿਆਂ ਨੂੰ ਅੰਜਾਮ ਦੇ ਰਿਹਾ ਹੈ।
ਭਾਰਤ ਵੱਲੋਂ ਤਣਾਅ ਘਟਾਉਣ ਦਾ ਮੁੜ ਸੱਦਾ
ਨਵੀਂ ਦਿੱਲੀ: ਇਜ਼ਰਾਈਲ ਵੱਲੋਂ ਗਾਜ਼ਾ ’ਚ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਭਾਰਤ ਨੇ ਮੁੜ ਤਣਾਅ ਘਟਾਉਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਜੰਗ ’ਚ ਆਮ ਲੋਕਾਂ ਦੀ ਹੋ ਰਹੀ ਮੌਤ ਦੇ ਮੱਦੇਨਜ਼ਰ ਕੌਮਾਂਤਰੀ ਮਾਨਵੀ ਕਾਨੂੰਨ ਦਾ ਪਾਲਣ ਕਰਨ ਦੀ ਲੋੜ ਦਾ ਵੀ ਜ਼ਿਕਰ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਭਾਰਤ ਫਲਸਤੀਨੀਆਂ ਨੂੰ ਵਧੇਰੇ ਮਾਨਵੀ ਸਹਾਇਤਾ ਭੇਜਣ ’ਤੇ ਵਿਚਾਰ ਕਰ ਰਿਹਾ ਹੈ। ਗਾਜ਼ਾ ਸ਼ਹਿਰ ਦੇ ਅਲ-ਸ਼ਿਫ਼ਾ ਹਸਪਤਾਲ ’ਚ ਇਜ਼ਰਾਇਲੀ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਬਾਗਚੀ ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਕਿਸੇ ਇਕ ਵਿਸ਼ੇਸ਼ ਹਸਪਤਾਲ ਦਾ ਨਹੀਂ ਹੈ ਅਤੇ ਭਾਰਤ ਨੇ ਹਮੇਸ਼ਾ ਕੌਮਾਂਤਰੀ ਕਾਨੂੰਨ ਦਾ ਪਾਲਣ ਕਰਨ ਦੀ ਲੋੜ ਦਾ ਜ਼ਿਕਰ ਕੀਤਾ ਹੈ।