-ਮੈਕਸੀਕੋ ਨਾਲੋਂ ਕੈਨੇਡਾ ਦੇ ਰਸਤੇ ਨੂੰ ਦਿੱਤੀ ਗਈ ਤਰਜੀਹ
ਵਾਸ਼ਿੰਗਟਨ, 26 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਖ਼ਤਰਨਾਕ ਰਸਤਿਆਂ ਅਤੇ ਜਾਨ ਖ਼ਤਰੇ ਵਿਚ ਹੋਣ ਦੇ ਬਾਵਜੂਦ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਕਮੀ ਨਹੀਂ ਆ ਰਹੀ ਹੈ। ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਯੂ.ਐੱਸ.-ਸੀ.ਬੀ.ਪੀ.) ਦੇ ਅੰਕੜਿਆਂ ਅਨੁਸਾਰ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ, 29 ਲੱਖ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ। ਇਨ੍ਹਾਂ ਵਿਚੋਂ 90 ਹਜ਼ਾਰ 415 ਭਾਰਤੀ ਸਨ। ਇਹ ਲੋਕ ਮੈਕਸੀਕੋ ਅਤੇ ਕੈਨੇਡਾ ਰਾਹੀਂ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਗ੍ਰਿਫਤਾਰ ਕੀਤੇ ਗਏ ਲੋਕਾਂ ‘ਚੋਂ 50 ਫ਼ੀਸਦੀ ਗੁਜਰਾਤ ਦੇ ਰਹਿਣ ਵਾਲੇ ਸਨ।
ਇਸ ਤੋਂ ਇਲਾਵਾ, ਅਮਰੀਕਾ-ਕੈਨੇਡਾ ਸਰਹੱਦ ‘ਤੇ 43,764 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਇਸ ਸਰਹੱਦ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਹਾਲਾਂਕਿ ਇਸ ਅੰਕੜੇ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਗਿਰਾਵਟ ਆਈ ਹੈ। ਇੱਕ ਸਾਲ ਪਹਿਲਾਂ ਯਾਨੀ ਵਿੱਤੀ ਸਾਲ 2023 ਵਿਚ ਇਹ ਸੰਖਿਆ 96,917 ਸੀ, ਜਦੋਂਕਿ 2024 ਵਿਚ ਇਹ ਸੰਖਿਆ ਘੱਟ ਕੇ 25,616 ਹੋ ਗਈ।
ਲੋਕਾਂ ਨੇ 2 ਮੁੱਖ ਕਾਰਨਾਂ ਕਰਕੇ ਮੈਕਸੀਕੋ ਰਾਹੀਂ ”ਡੌਂਕੀ” ਲਗਾਉਣੀ ਛੱਡ ਦਿੱਤੀ ਹੈ। ਪਹਿਲਾ ਇਸ ਲਈ ਕਿਉਂਕਿ ਮੈਕਸੀਕੋ ਲਿਜਾਏ ਜਾਣ ਤੋਂ ਪਹਿਲਾਂ ਅਸਥਾਈ ਤੌਰ ‘ਤੇ ਉਨ੍ਹਾਂ ਨੂੰ ਦੁਬਈ ਜਾਂ ਤੁਰਕੀ ਵਿਚ ਰੋਕ ਦਿੱਤਾ ਜਾਂਦਾ ਹੈ। ਦੂਜਾ ਅਮਰੀਕੀ ਏਜੰਸੀਆਂ ਪਿਛਲੇ ਕੁੱਝ ਸਾਲਾਂ ਤੋਂ ਇਨ੍ਹਾਂ ਦੇਸ਼ਾਂ ਵਿਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਉਨ੍ਹਾਂ ਨੇ ਮਨੁੱਖੀ ਤਸਕਰੀ ਦੇ ਨੈੱਟਵਰਕ ਨੂੰ ਤੋੜ ਦਿੱਤਾ ਹੈ। ਗੁਜਰਾਤੀ ਲੋਕ ਹੁਣ ਮੈਕਸੀਕੋ ਦੀ ਬਜਾਏ ਕੈਨੇਡੀਅਨ ਰੂਟ ਦੀ ਚੋਣ ਕਰ ਰਹੇ ਹਨ, ਕਿਉਂਕਿ ਉਥੋਂ ਟੈਕਸੀ ਕਿਰਾਏ ‘ਤੇ ਲੈ ਕੇ ਆਸਾਨੀ ਨਾਲ ਅਮਰੀਕਾ ਵਿਚ ਪ੍ਰਵੇਸ਼ ਕੀਤਾ ਜਾ ਸਕਦਾ ਹੈ।