#OTHERS

ਆਸਿਫ਼ ਅਲੀ ਜ਼ਰਦਾਰੀ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਚੁਣੇ

ਇਸਲਾਮਾਬਾਦ, 9 ਮਾਰਚ (ਪੰਜਾਬ ਮੇਲ)- ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਆਸਿਫ਼ ਅਲੀ ਜ਼ਰਦਾਰੀ ਅੱਜ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਵਜੋਂ ਚੁਣੇ ਗਏ। ਉਹ ਦੂਜੀ ਵਾਰ ਦੇਸ਼ ਦੇ ਮੁਖੀ ਬਣੇ ਹਨ। ਜ਼ਰਦਾਰੀ (68) ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸਾਂਝੇ ਉਮੀਦਵਾਰ ਸਨ, ਜਦੋਂਕਿ ਉਨ੍ਹਾਂ ਦੇ ਵਿਰੋਧੀ ਮਹਿਮੂਦ ਖਾਨ ਅਚਕਜ਼ਈ (75) ਸੁੰਨੀ ਇਤੇਹਾਦ ਕੌਂਸਲ (ਐੱਸ.ਆਈ.ਸੀ.) ਦੇ ਉਮੀਦਵਾਰ ਸਨ। ਨਵੇਂ ਰਾਸ਼ਟਰਪਤੀ ਦੀ ਚੋਣ ਕੌਮੀ ਅਸੈਂਬਲੀ ਅਤੇ ਚਾਰ ਸੂਬਾਈ ਅਸੈਂਬਲੀਆਂ ਦੇ ਨਵੇਂ ਚੁਣੇ ਮੈਂਬਰਾਂ ਦੇ ਇਲੈਕਟੋਰਲ ਕਾਲਜ ਵੱਲੋਂ ਕੀਤੀ ਗਈ। ਕਾਰੋਬਾਰੀ ਤੋਂ ਸਿਆਸਤਦਾਨ ਬਣੇ ਜ਼ਰਦਾਰੀ ਪਾਕਿਸਤਾਨ ਦੀ ਮਾਰੀ ਗਈ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਤੀ ਹਨ। ਪਾਕਿਸਤਾਨੀ ਮੀਡੀਆ ਨੇ ਦੱਸਿਆ ਕਿ ਉਨ੍ਹਾਂ ਨੂੰ 255 ਵੋਟਾਂ ਮਿਲੀਆਂ, ਜਦਕਿ ਉਸ ਦੇ ਵਿਰੋਧੀ ਨੂੰ 119 ਵੋਟਾਂ ਮਿਲੀਆਂ। ਜ਼ਰਦਾਰੀ ਮੌਜੂਦਾ ਡਾਕਟਰ ਆਰਿਫ ਅਲਵੀ ਦੀ ਥਾਂ ਲੈਣਗੇ, ਜਿਨ੍ਹਾਂ ਦਾ ਪੰਜ ਸਾਲ ਦਾ ਕਾਰਜਕਾਲ ਪਿਛਲੇ ਸਾਲ ਖਤਮ ਹੋਇਆ ਸੀ। ਜ਼ਰਦਾਰੀ, ਜੋ 2008 ਤੋਂ 2013 ਤੱਕ ਰਾਸ਼ਟਰਪਤੀ ਰਹੇ ਹਨ, ਦੂਜੀ ਵਾਰ ਰਾਸ਼ਟਰਪਤੀ ਵਜੋਂ ਚੁਣੇ ਜਾਣ ਵਾਲੇ ਪਹਿਲੇ ਨਾਗਰਿਕ ਵੀ ਹੋਣਗੇ।