ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਭਾਜਪਾ ਵੱਲੋਂ ਆਸਨਸੋਲ ਲੋਕ ਸਭਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਪਵਨ ਸਿੰਘ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਪਵਨ ਸਿੰਘ ਨੇ ਐਕਸ ‘ਤੇ ਪੋਸਟ ਪਾ ਕੇ ਭਾਜਪਾ ਵੱਲੋਂ ਉਮੀਦਵਾਰੀ ਦੇਣ ਲਈ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਿਸੇ ਕਾਰਨ ਕਰਕੇ ਆਸਨਸੋਲ ਤੋਂ ਚੋਣ ਨਹੀਂ ਲੜ ਸਕਣਗੇ ਪਰ ਉਨ੍ਹਾਂ ਚੋਣ ਨਾ ਲੜਨ ਦਾ ਕਾਰਨ ਨਹੀਂ ਦੱਸਿਆ। ਉਨ੍ਹਾਂ ਐਕਸ ‘ਤੇ ਲਿਖਿਆ, ”ਭਾਜਪਾ ਲੀਡਰਸ਼ਿਪ ਦਾ ਦਿਲੋਂ ਸ਼ੁਕਰੀਆ ਕਰਦਾ ਹਾਂ। ਪਾਰਟੀ ਨੇ ਮੇਰੇ ਉਤੇ ਭਰੋਸਾ ਕਰਕੇ ਮੈਨੂੰ ਆਸਨਸੋਲ ਤੋਂ ਉਮੀਦਵਾਰ ਐਲਾਨਿਆ ਪਰ ਮੈਂ ਕਿਸੇ ਕਾਰਨ ਆਸਨਸੋਲ ਤੋਂ ਚੋਣ ਨਹੀਂ ਲੜ ਸਕਾਂਗਾ”।
ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਆਗੂ ਡੈਰੇਕ ਓ’ਬ੍ਰਾਇਨ ਨੇ ਕਿਹਾ ਹੈ ਕਿ ਇਸ ਨਾਲ ਬੰਗਾਲ ਦੇ ਲੋਕਾਂ ਦੀ ਜਿੱਤ ਹੋਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬੰਗਾਲੀ ਵਿਰੋਧੀ ਹੋਣ ਦਾ ਦੋਸ਼ ਲਗਾਉਂਦਿਆਂ ਬੰਗਾਲੀ ਔਰਤਾਂ ਨੂੰ ਬੇਇੱਜ਼ਤ ਕਰਨ ਵਾਲੇ ਭੋਜਪੁਰੀ ਅਦਾਕਾਰ ਤੇ ਗਾਇਕ ਪਵਨ ਸਿੰਘ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਔਰਤ ਸ਼ਕਤੀਕਰਨ ‘ਤੇ ਤਾਂ ਜ਼ੋਰ ਦਿੰਦੇ ਹਨ ਪਰ ਔਰਤਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਲੋਕ ਸਭਾ ਟਿਕਟਾਂ ਦੇ ਕੇ ਨਿਵਾਜਦੇ ਹਨ।
ਆਸਨਸੋਲ ਦੇ ਭਾਜਪਾ ਉਮੀਦਵਾਰ ਵੱਲੋਂ ਚੋਣ ਲੜਨ ਤੋਂ ਇਨਕਾਰ
