#AUSTRALIA

ਆਸਟ੍ਰੇਲੀਆ ‘ਚ ਕਰਨਾਲ ਦੇ ਨੌਜਵਾਨ ਦੇ ਕਤਲ ਦੇ ਦੋਸ਼ ਹੇਠ ਦੋ ਭਰਾ Arrest

ਮੈਲਬੌਰਨ, 8 ਮਈ (ਪੰਜਾਬ ਮੇਲ)- ਆਸਟ੍ਰੇਲੀਆ ਦੇ ਮੈਲਬੌਰਨ ਦੇ ਸ਼ਹਿਰ ਔਰਮੰਡ ਵਿਚ ਹਰਿਆਣਾ ਦੇ ਕਰਨਾਲ ਦੇ ਗਗਸੀਨਾ ਪਿੰਡ ਦੇ ਇੱਕ 22 ਸਾਲਾ ਨੌਜਵਾਨ ਵਿਦਿਆਰਥੀ ਨਵਜੀਤ ਸੰਧੂ ਦੀ ਕਥਿਤ ਤੌਰ ‘ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨਵਜੀਤ ਸੰਧੂ 2022 ‘ਚ ਟੂਰਿਸਟ ਵੀਜ਼ੇ ‘ਤੇ ਵਿਦੇਸ਼ ਗਿਆ ਸੀ। ਇਸ ਘਟਨਾ ਵਿਚ ਕਰਨਾਲ ਦੇ ਬਿਜਨਾ ਪਿੰਡ ਦੇ ਰਹਿਣ ਵਾਲੇ ਇਕ ਹੋਰ ਨੌਜਵਾਨ ਸ਼ਰਵਨ (30) ਵੀ ਜ਼ਖਮੀ ਹੋ ਗਿਆ। ਇਸ ਘਟਨਾ ਦੇ ਦੋ ਦਿਨ ਬਾਅਦ ਪੁਲਿਸ ਵੱਲੋਂ ਨਿਊ ਸਾਊਥ ਵੇਲਜ਼ ਦੇ ਗੌਲਬਰਨ ਤੋਂ ਘਟਨਾ ‘ਚ ਲੋੜੀਂਦੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਭਿਜੀਤ ਗਰਟਨ ਅਤੇ ਰੌਬਿਨ ਗਰਟਨ ਵਜੋਂ ਹੋਈ ਹੈ, ਜੋ ਕਰਨਾਲ ਦੇ ਬਸਤਾਰਾ ਪਿੰਡ ਦੇ ਰਹਿਣ ਵਾਲੇ ਹਨ।
ਸਥਾਨਕ ਪੁਲਿਸ ਨੇ ਦੱਸਿਆ ਕਿ ਨਵਜੀਤ ਸੰਧੂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ ਸੀ। ਇਹ ਮੰਨਿਆ ਜਾਂਦਾ ਹੈ ਕਿ ਘਟਨਾ ਵਿਚ ਸ਼ਾਮਲ ਧਿਰਾਂ ਇੱਕ ਦੂਜੇ ਨੂੰ ਜਾਣਦੀਆਂ ਸਨ।
ਉਸ ਦੇ ਪਿਤਾ ਜਤਿੰਦਰ ਸਿੰਘ ਨੇ ਦੱਸਿਆ ਕਿ ਨਵਜੀਤ, ਜੋ ਕਿ ਐੱਮ. ਟੈਕ ਦੀ ਪੜ੍ਹਾਈ ਕਰ ਰਿਹਾ ਸੀ, ਨੂੰ ਉਸ ਸਮੇਂ ਮਾਰਿਆ ਗਿਆ, ਜਦੋਂ ਉਸਨੇ ਕਿਸੇ ਕਿਰਾਏ ਦੇ ਮੁੱਦੇ ਨੂੰ ਲੈ ਕੇ ਸ਼ਰਵਨ ਅਤੇ ਦੋ ਹੋਰਾਂ ਵਿਚਕਾਰ ਹੋਏ ਝਗੜੇ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ।