#AUSTRALIA

ਆਸਟ੍ਰੇਲੀਆਈ ਸਰਕਾਰ ਨੇ ਫਲਸਤੀਨੀਆਂ ਦੇ ਰੱਦ Visa ਕੀਤੇ ਬਹਾਲ

ਕੈਨਬਰਾ, 18 ਮਾਰਚ (ਪੰਜਾਬ ਮੇਲ)- ਆਸਟ੍ਰੇਲੀਆ ਸਰਕਾਰ ਨੇ ਫਲਸਤੀਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਆਸਟ੍ਰੇਲੀਆ ਸਰਕਾਰ ਨੇ ਗਾਜ਼ਾ ਤੋਂ ਭੱਜਣ ਵਾਲੇ ਕੁਝ ਫਲਸਤੀਨੀਆਂ ਦੇ ਰੱਦ ਕੀਤੇ ਵੀਜ਼ੇ ਬਹਾਲ ਕਰ ਦਿੱਤੇ ਹਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਫਲਸਤੀਨ ਆਸਟ੍ਰੇਲੀਆ ਰਿਲੀਫ ਐਂਡ ਐਕਸ਼ਨ (ਪੀ.ਏ.ਆਰ.ਏ.) ਸਮੂਹ ਦੀ ਕਾਰਜਕਾਰੀ ਨਿਰਦੇਸ਼ਕ ਰਾਸ਼ਾ ਅੱਬਾਸ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਜਿਹੜੇ 11 ਫਲਸਤੀਨੀਆਂ ਦਾ ਆਸਟ੍ਰੇਲੀਆਈ ਵੀਜ਼ਾ ਬਿਨਾਂ ਕਿਸੇ ਚਿਤਾਵਨੀ ਦੇ ਰੱਦ ਕਰਨ ਦਾ ਸਮਰਥਨ ਕਰ ਰਿਹਾ ਸੀ, ਉਨ੍ਹਾਂ ਵਿਚੋਂ 8 ਨੂੰ ਬਹਾਲ ਕਰ ਦਿੱਤਾ ਗਿਆ ਹੈ।
ਫੈਡਰਲ ਸਰਕਾਰ ਨੂੰ ਮਾਰਚ ਦੇ ਸ਼ੁਰੂ ਵਿਚ ਵੀਜ਼ਾ ਰੱਦ ਕਰਨ ਦੇ ਫ਼ੈਸਲੇ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਰੱਦ ਹੋਣ ਦੀ ਸੂਚਨਾ ਦਿੱਤੇ ਜਾਣ ਤੋਂ ਪਹਿਲਾਂ ਕੁਝ ਫਲਸਤੀਨੀ ਤੀਜੇ ਦੇਸ਼ ਵਿਚ ਫਸ ਗਏ ਸਨ। ਜਿਨ੍ਹਾਂ ਦੇ ਵੀਜ਼ੇ ਰੱਦ ਕੀਤੇ ਗਏ ਸਨ, ਉਨ੍ਹਾਂ ਵਿਚੋਂ ਕੁਝ ਨੂੰ ਭੇਜੇ ਗਏ ਪੱਤਰਾਂ ਵਿਚ ਗ੍ਰਹਿ ਵਿਭਾਗ ਨੇ ਦੋਸ਼ ਲਾਇਆ ਕਿ ਉਹ ਆਸਟ੍ਰੇਲੀਆ ਵਿਚ ਆਗਿਆ ਤੋਂ ਵੱਧ ਸਮਾਂ ਰਹਿ ਕੇ ਆਪਣੇ ਵਿਜ਼ਟਰ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਅੱਬਾਸ ਨੇ ਦੱਸਿਆ, ”ਅਸੀਂ ਖੁਸ਼ ਕਿ ਉਹ ਆਸਟ੍ਰੇਲੀਆ ਦੀ ਯਾਤਰਾ ਕਰਨ ਦੇ ਯੋਗ ਹਨ।” ਅੱਬਾਸ ਨੇ ਅੱਗੇ ਕਿਹਾ, ”ਅਸੀਂ ਉਨ੍ਹਾਂ ਲਈ ਉਡਾਣਾਂ ਦੀ ਬੁਕਿੰਗ ‘ਤੇ ਕੰਮ ਕਰ ਰਹੇ ਹਾਂ ਅਤੇ ਬਾਕੀ ਵੀਜ਼ਾ ਧਾਰਕਾਂ ਲਈ ਪ੍ਰਕਿਰਿਆ ‘ਤੇ ਅਸੀਂ ਸਰਕਾਰ ਨਾਲ ਕੰਮ ਕਰਾਂਗੇ।” ਇੱਥੇ ਦੱਸ ਦਈਏ ਕਿ ਗਾਜ਼ਾ ਵਿਚ ਮੌਜੂਦਾ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਫਲਸਤੀਨੀਆਂ ਲਈ 2,200 ਅਤੇ ਇਜ਼ਰਾਈਲੀਆਂ ਲਈ 2,400 ਵੀਜ਼ੇ ਦਿੱਤੇ ਹਨ।