ਸਰੀ, 19 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਸਰੀ ਵਿਚ 2014 ਤੋਂ ਸਮਾਜ ਸੇਵਾ ਦੇ ਖੇਤਰ ਵਿਚ ਕਈ ਪਹਿਲਕਦਮੀਆਂ ਕਰ ਚੁੱਕੀ ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਸਰੀ ਵੱਲੋਂ ਇਸ ਸਾਲ ਵੀ ਮਾਘੀ ਦਾ ਪਵਿੱਤਰ ਤਿਓਹਾਰ ਸਰੀ ਵਿਚ ਰਹਿ ਰਹੇ ਕੁਝ ਬੇਘਰੇ ਪਰਿਵਾਰਾਂ ਨੂੰ ਭੋਜਨ ਪਰੋਸ ਕੇ ਅਤੇ ਲੋੜੀਂਦੇ ਗਰਮ ਕੱਪੜਿਆਂ ਦਾ ਨਿੱਘ ਪ੍ਰਦਾਨ ਕਰ ਕੇ ਮਨਾਇਆ ਗਿਆ। ਫਾਊਂਡੇਸ਼ਨ ਦੇ ਵਲੰਟੀਅਰ ਦੁਪਿਹਰ 12 ਵਜੇ 10667, 135ਏ ਸਟਰੀਟ, ਸਰੀ ਵਿਖੇ ਭੋਜਨ ਅਤੇ ਗਰਮ ਕੱਪਿੜਆਂ ਦਾ ਭੰਡਾਰ ਲੈ ਕੇ ਪਹੁੰਚੇ। ਜਿੱਥੇ 200 ਦੇ ਕਰੀਬ ਲੋੜਵੰਦਾਂ ਨੂੰ ਭੋਜਨ ਅਤੇ ਕੱਪੜਿਆਂ ਦੇ ਰੂਪ ਵਿਚ ਲੋੜੀਦੀਆਂ ਵਸਤਾਂ ਵੰਡੀਆਂ ਗਈਆਂ।
ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਦੀ ਰੂਹੇ-ਰਵਾਂ ਮੀਰਾ ਗਿੱਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੰਸਥਾ 2014 ਤੋਂ ਕਈ ਪਹਿਲਕਦਮੀਆਂ ਨਾਲ ਸਰੀ ਵਿਚ ਸੇਵਾ ਦਾ ਕਾਰਜ ਕਰਦੀ ਆ ਰਹੀ ਹੈ। ਸਰੀ ਦੇ ਬੇ–ਘਰ ਭਾਈਚਾਰੇ ਨਾਲ ਪਿਛਲੇ 8 ਸਾਲਾਂ ਤੋਂ ਕੰਮ ਕਰਨ ‘ਤੇ ਬਹੁਤ ਮਾਣ ਹੈ। ਇਸ ਸੰਸਥਾ ਨੇ 135A ਸਟਰੀਟ ‘ਤੇ 200 ਤੋਂ ਵੱਧ ਬੇਘਰਿਆਂ ਨੂੰ ਟੈਂਟਾਂ ਤੋਂ ਆਸਰਾ-ਘਰਾਂ ਵਿੱਚ ਤਬਦੀਲ ਕਰਵਾਉਣ ਲਈ ਅਗਵਾਈ ਕੀਤੀ। ਉਨ੍ਹਾਂ ਦੱਸਿਆ ਹੈ ਕਿ ਲੋਕਾਂ ਦੀ ਸਹਾਇਤਾ, ਮਾਰਗ ਦਰਸ਼ਨ ਅਤੇ ਉਤਸ਼ਾਹ ਨਾਲ ਫਾਊਂਡੇਸ਼ਨ ਹਮੇਸ਼ਾ ਲਾਲਚ ਤੋਂ ਮੁਕਤ ਰਹਿਣ ਅਤੇ ਆਜ਼ਾਦੀ ਦੇ ਉੱਚੇ ਨੈਤਿਕ ਕਦਮਾਂ ‘ਤੇ ਖਰਾ ਉਤਰਨ ਲਈ ਕਾਰਜ ਕਰਦੀ ਆ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਹੈ ਕਿ ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਇਕ ਗ਼ੈਰ ਲਾਭਕਾਰੀ ਸੰਸਥਾ ਹੈ ਅਤੇ ਲੋਕਾਂ ਵੱਲੋਂ ਦਿੱਤੇ ਦਾਨ ਦਾ 100 ਪ੍ਰਤੀਸ਼ਤ ਲੋੜਵੰਦ ਲੋਕਾਂ ਦੀ ਸਹਾਇਤਾ ਵਿਚ ਨਿਵੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਕਰਨ ਦੀ ਹਿੰਮਤ ਅਸਲ ਵਿਚ ਸਮੁੱਚੇ ਭਾਈਚਾਰੇ ਵੱਲੋਂ ਦਿੱਤੇ ਜਾਂਦੇ ਸਹਿਯੋਗ ਸਦਕੇ ਹੀ ਹੈ। ਕੋਈ ਵੀ ਇਨਸਾਨ ਜਾਂ ਸੰਸਥਾ ਆਪਣੇ ਆਪ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਕਮਿਊਨਿਟੀ ਦਾ ਸਾਥ ਨਾ ਹੋਵੇ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਇਸ ਲੋੜਵੰਦ ਭਾਈਚਾਰੇ ਦੇ ਮਦਦਗਾਰਾਂ ਵਿਚ ਕਮੀ ਆਈ ਹੈ ਅਤੇ ਅਜਿਹੀ ਸਥਿਤੀ ਵਿਚ ਸਾਨੂੰ ਰਲ ਕੇ ਅਜਿਹੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਹੋਰ ਵੀ ਹੰਭਲਾ ਮਾਰਨਾ ਚਾਹੀਦਾ ਹੈ।