ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਆਪਣੇ ਮੁਲਕ ਨਾਲ ਪਿਆਰ ਕਰਨ ਵਾਲਾ ਮਹਾਨ ਵਿਅਕਤੀ ਦੱਸਦਿਆਂ ਆਲਮੀ ਆਗੂਆਂ ਨੇ ਮੁਸ਼ਕਲ ਦੌਰ ‘ਚ ਚੁੱਕੇ ਗਏ ਅਹਿਮ ਕਦਮਾਂ ਅਤੇ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ‘ਐਕਸ’ ‘ਤੇ ਕਿਹਾ ਕਿ ਉਹ ਰਾਸ਼ਟਰਪਤੀ ਬਾਇਡਨ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦੇ ਬਾਕੀ ਰਹਿੰਦੇ ਕਾਰਜਕਾਲ ‘ਚ ਰਲ ਕੇ ਕੰਮ ਕਰਨਾ ਚਾਹੁਣਗੇ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਇਕ ਪੋਸਟ ‘ਚ ਕਿਹਾ ਕਿ ਬਾਇਡਨ ਨਾਲ ਕੰਮ ਕਰਦੇ ਸਮੇਂ ਉਨ੍ਹਾਂ ਦੇ ਅਮਰੀਕਾ ਪ੍ਰਤੀ ਪਿਆਰ ਅਤੇ ਸੇਵਾ ਪ੍ਰਤੀ ਸਮਰਪਣ ਦੇਖਿਆ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਬਾਇਡਨ ਦੀ ਅਗਵਾਈ ਅਤੇ ਸੇਵਾਵਾਂ ਲਈ ਉਨ੍ਹਾਂ ਦਾ ਸ਼ੁਕਰੀਆ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਇਡਨ ਦੀ ਇਕ ਤਸਵੀਰ ਸਾਂਝੀ ਕਰਦਿਆਂ ਪੋਸਟ ‘ਚ ਕਿਹਾ ਕਿ ਉਹ ਜੋ ਕੁਝ ਵੀ ਕਰਦੇ ਹਨ, ਉਸ ‘ਚ ਆਪਣੇ ਮੁਲਕ ਪ੍ਰਤੀ ਉਨ੍ਹਾਂ ਦਾ ਪਿਆਰ ਹੁੰਦਾ ਹੈ। ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਕਿਹਾ ਕਿ ਇਹ ਅਮਰੀਕਾ ਦੀ ਅੰਦਰੂਨੀ ਸਿਆਸਤ ਦਾ ਮਾਮਲਾ ਹੈ ਪਰ ਰਾਸ਼ਟਰਪਤੀ ਬਾਇਡਨ ਦਾ ਫ਼ੈਸਲਾ ਸਭ ਤੋਂ ਵਧੀਆ ਸਿਆਸੀ ਫ਼ੈਸਲਾ ਲੈਣ ਦੀ ਉਨ੍ਹਾਂ ਦੀ ਇੱਛਾ ‘ਤੇ ਆਧਾਰਿਤ ਹੈ।
ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਆਜ਼ਾਦੀ ਦੀ ਲੜਾਈ ਲਈ ਰਾਸ਼ਟਰਪਤੀ ਬਾਇਡਨ ਦੀ ਹਮਾਇਤ ਲਈ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੈ। ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜੋਗ ਨੇ ਬਾਇਡਨ ਨੂੰ ਯਹੂਦੀ ਲੋਕਾਂ ਦਾ ਸੱਚਾ ਸਹਿਯੋਗੀ ਦੱਸਿਆ।