#INDIA

ਆਰ.ਜੇ.ਡੀ. ਤੇ ਜੇ.ਡੀ. (ਯੂ) ਦਾ ਹੋ ਸਕਦੈ ਰਲੇਵਾਂ! ਭਾਜਪਾ ਨੇਤਾ ਗਿਰੀਰਾਜ ਸਿੰਘ ਵੱਲੋਂ ਦਾਅਵਾ

-ਤੇਜਸਵੀ ਯਾਦਵ ਤੇ ਲੱਲਨ ਸਿੰਘ ਨੇ ਦਾਅਵੇ ਨੂੰ ਨਕਾਰਿਆ
ਪਟਨਾ, 23 ਦਸੰਬਰ (ਪੰਜਾਬ ਮੇਲ)- ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਅਤੇ ਲਾਲੂ ਪ੍ਰਸਾਦ ਦੀ ਅਗਵਾਈ ਵਾਲੀ ਉਸ ਦੀ ਸਹਿਯੋਗੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਰਲੇਵੇਂ ਵੱਲ ਵਧ ਰਹੀਆਂ ਹਨ। ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਸ਼ਰਾਰਤੀ ਲਹਿਜ਼ੇ ‘ਚ ਕਿਹਾ, ”ਲਾਲੂ ਜੀ ਨਾਲ ਮੇਰਾ ਵਿਅਕਤੀਗਤ ਸਮੀਕਰਨ ਹੈ। ਉਨ੍ਹਾਂ ਨੇ ਮੇਰੇ ਕੰਨ ਵਿਚ ਕਈ ਅਜਿਹੀਆਂ ਗੱਲਾਂ ਆਖੀਆਂ, ਜਿਨ੍ਹਾਂ ਨੂੰ ਮੈਂ ਜਨਤਕ ਤੌਰ ‘ਤੇ ਸਾਹਮਣੇ ਨਹੀਂ ਰੱਖ ਸਕਦਾ। ਪਰ ਮੈਂ ਤੁਹਾਨੂੰ ਇੰਨਾ ਦੱਸ ਦੇਵਾਂ ਕਿ ਜੇ.ਡੀ.(ਯੂ) ਦਾ ਜਲਦੀ ਹੀ ਆਰ.ਜੇ.ਡੀ. ਨਾਲ ਰਲੇਵਾਂ ਹੋਣ ਵਾਲਾ ਹੈ।” ਦੂਜੇ ਪਾਸੇ ਤੇਜਸਵੀ ਯਾਦਵ ਨੇ ਭਾਜਪਾ ਨੇਤਾ ਦੇ ‘ਰਲੇਵੇਂ ਸਬੰਧੀ’ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ, ”ਗਿਰੀਰਾਜ ਸਿੰਘ ਨੂੰ ਸੁਰਖੀਆਂ ‘ਚ ਬਣੇ ਰਹਿਣਾ ਪਸੰਦ ਹੈ। ਜੇਕਰ ਉਹ ਕੁਝ ਵੀ ਪੁੱਠਾ-ਸਿੱਧਾ ਬੋਲਣਗੇ, ਤਾਂ ਕੋਈ ਵੀ ਉਸ ‘ਤੇ ਧਿਆਨ ਨਹੀਂ ਦੇਵੇਗਾ।” ਇਸ ਸਬੰਧ ‘ਚ ਜੇ.ਡੀ. (ਯੂ) ਪ੍ਰਧਾਨ ਰਾਜੀਵ ਸਿੰਘ ‘ਲੱਲਨ’ ਨੇ ਆਖਿਆ, ”ਸਾਨੂੰ ਗਿਰੀਰਾਜ ਸਿੰਘ ਦੀ ਚਰਚਾ ਨਹੀਂ ਕਰਨੀ ਚਾਹੀਦੀ। ਉਹ ਟੀ.ਆਰ.ਪੀ. ਵਾਲੇ ਅਟਕਲਬਾਜ਼ ਹਨ। ਉਹ ਅਜਿਹੀਆਂ ਗੱਲਾਂ ਕਰਦੇ ਰਹਿਣਗੇ, ਜਿਸ ਨਾਲ ਉਨ੍ਹਾਂ ਨੂੰ ਸੁਰਖੀਆਂ ‘ਚ ਬਣੇ ਰਹਿਣ ‘ਚ ਮਦਦ ਮਿਲੇਗੀ।”