ਪਟਨਾ, 25 ਮਈ (ਪੰਜਾਬ ਮੇਲ)- ਲਾਲੂ ਪ੍ਰਸਾਦ ਨੇ ਦੁਪਹਿਰ ਸਮੇਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਇੱਕ ਪੋਸਟ ਵਿੱਚ ਇਹ ਐਲਾਨ ਕੀਤਾ। ਲਾਲੂ ਪ੍ਰਸਾਦ ਨੇ ਕਿਹਾ, ‘‘ਨਿੱਜੀ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਅਣਦੇਖੀ ਸਮਾਜਿਕ ਨਿਆਂ ਲਈ ਸਾਡੇ ਸਮੂਹਿਕ ਸੰਘਰਸ਼ ਨੂੰ ਕਮਜ਼ੋਰ ਕਰਦੀ ਹੈ। ਵੱਡੇ ਪੁੱਤਰ ਦੀਆਂ ਗਤੀਵਿਧੀਆਂ, ਜਨਤਕ ਆਚਰਨ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਸਾਡੀਆਂ ਪਰਿਵਾਰਕ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਮੁਤਾਬਕ ਨਹੀਂ ਹਨ। ਉਪਰੋਕਤ ਹਰਕਤਾਂ ਕਾਰਨ ਮੈਂ ਉਸਨੂੰ ਪਾਰਟੀ ਅਤੇ ਪਰਿਵਾਰ ਤੋਂ ਕੱਢਦਾ ਹਾਂ। ਹੁਣ ਤੋਂ ਉਸਦੀ ਪਾਰਟੀ ਅਤੇ ਪਰਿਵਾਰ ਵਿੱਚ ਕਿਸੇ ਕਿਸਮ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਉਸਨੂੰ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢਿਆ ਜਾਂਦਾ ਹੈ।’’ ਇਹ ਕਦਮ ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਵੱਲੋਂ ਇੱਕ ਫੇਸਬੁੱਕ ਪੋਸਟ ’ਤੇ ਇਹ ਕਹਿਣ ਮਗਰੋਂ ਚੁੱਕਿਆ ਗਿਆ ਕਿ ਉਹ ਇੱਕ ਔਰਤ ਨਾਲ ‘ਰਿਲੇਸ਼ਨਸ਼ਿਪ ਵਿੱਚ’ ਹੈ, ਪਰ ਬਾਅਦ ਵਿੱਚ ਦਾਅਵਾ ਕੀਤਾ ਗਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਉਸਦਾ ਖਾਤਾ ‘ਹੈਕ’ ਕੀਤਾ ਗਿਆ ਸੀ। ਹਾਲਾਂਕਿ, ਇਹ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਚੰਗਾ ਨਹੀਂ ਲੱਗਿਆ ਅਤੇ ਬਹੁਤ ਕਈ ਲੋਕਾਂ ਨੇ ਤੇਜ ਪ੍ਰਤਾਪ (37) ਨੂੰ ਉਸਦੇ ਸ਼ਾਦੀਸ਼ੁਦਾ ਹੋਣ ਬਾਰੇ ਯਾਦ ਕਰਵਾਇਆ, ਜੋ 2018 ਵਿੱਚ ਕਾਫ਼ੀ ਧੂਮਧਾਮ ਨਾਲ ਹੋਈ ਸੀ। ਤੇਜ ਪ੍ਰਤਾਪ ਨੇ ਸ਼ਨਿਚਰਵਾਰ ਰਾਤ ਨੂੰ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਜਾਰੀ ਇੱਕ ਪੋਸਟ ਵਿੱਚ ਕਿਹਾ, ‘‘ਮੇਰੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਹੈਕ ਕਰ ਕੇ ਮੇਰੀਆਂ ਤਸਵੀਰਾਂ ਗਲਤ ਢੰਗ ਨਾਲ ਐਡਿਟ ਕਰ ਕੇ ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਅਤੇ ਬਦਨਾਮ ਕੀਤਾ ਜਾ ਰਿਹਾ ਹੈ। ਮੈਂ ਆਪਣੇ ਸ਼ੁਭਚਿੰਤਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਵਧਾਨ ਰਹਿਣ ਅਤੇ ਕਿਸੇ ਵੀ ਅਫਵਾਹ ਵੱਲ ਧਿਆਨ ਨਾ ਦੇਣ…’’
ਆਰਜੇਡੀ ਮੁਖੀ ਲਾਲੂ ਪ੍ਰਸਾਦ ਨੇ ਵੱਡੇ ਬੇਟੇ ਤੇਜਪ੍ਰਤਾਪ ਨੂੰ ਪਾਰਟੀ ’ਚੋਂ ਕੱਢਿਆ
