#PUNJAB

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਭਰਤ ਇੰਦਰ ਚਾਹਲ Vigilance ਸਾਹਮਣੇ ਪੇਸ਼

-4 ਘੰਟੇ ਤੋਂ ਵੱਧ ਸਮੇਂ ਤੱਕ ਹੋਈ ਪੁੱਛਗਿੱਛ
ਚੰਡੀਗੜ੍ਹ, 27 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ 4 ਘੰਟੇ ਤੋਂ ਵੱਧ ਸਮੇਂ ਤਕ ਪੁੱਛਗਿੱਛ ਕੀਤੀ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਭਰਤ ਇੰਦਰ ਸਿੰਘ ਚਾਹਲ ਨੂੰ ਅਗਲੇ ਹਫ਼ਤੇ ਮੁੜ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਬੁਲਾਇਆ ਜਾ ਸਕਦਾ ਹੈ।
ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪਹਿਲਾਂ ਸੰਮਨ ਨੂੰ ਚੁਣੌਤੀ ਦਿੰਦਿਆਂ ਚਾਹਲ ਨੇ ਅਗਾਊਂ ਜ਼ਮਾਨਤ ਮੰਗੀ ਸੀ ਤੇ ਕਿਹਾ ਸੀ ਕਿ ਉਹ ਦਿਲ ਦੇ ਮਰੀਜ਼ ਹਨ ਤੇ ਜਾਂਚ ਵਿਚ ਸ਼ਾਮਲ ਹੋ ਕੇ ਸਹਿਯੋਗ ਦੇਣ ਲਈ ਵੀ ਤਿਆਰ ਹਨ।
ਇਸੇ ‘ਤੇ ਸਰਕਾਰ ਨੇ ਚਾਹਲ ਦੀ ਡਾਕਟਰੀ ਜਾਂਚ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਉਹ ਤੰਦਰੁਸਤ ਹਨ ਪਰ ਚਾਹਲ ਵਲੋਂ ਪੇਸ਼ ਹੋਏ ਐਡਵੋਕੇਟ ਕੇ.ਐੱਸ. ਨਲਵਾ ਤੇ ਹੋਰਨਾਂ ਨੇ ਦਲੀਲ ਦਿਤੀ ਕਿ ਸਰਕਾਰ ਨੇ ਇਹ ਰਿਪੋਰਟ ਡਾਕਟਰਾਂ ‘ਤੇ ਪ੍ਰਭਾਵ ਪਾ ਕੇ ਤਿਆਰ ਕਰਵਾਈ ਹੈ, ਲਿਹਾਜ਼ਾ ਡਾਕਟਰੀ ਜਾਂਚ ਪੀ.ਜੀ.ਆਈ. ਦੇ ਡਾਕਟਰਾਂ ਤੋਂ ਜਾਂ ਫਿਰ ਪੰਜਾਬ ਤੋਂ ਬਾਹਰ ਪੰਚਕੂਲਾ ਦੇ ਸਰਕਾਰੀ ਡਾਕਟਰਾਂ ਕੋਲੋਂ ਕਰਵਾਈ ਜਾਵੇ। ਇਸੇ ‘ਤੇ ਹਾਈ ਕੋਰਟ ਨੇ ਰਾਜਿੰਦਰਾ ਹਸਪਤਾਲ ਦੇ ਪ੍ਰੋਫ਼ੈਸਰ ਪੱਧਰ ਦੇ ਡਾਕਟਰਾਂ ਕੋਲੋਂ ਜਾਂਚ ਕਰਵਾਉਣ ਦੀ ਹਦਾਇਤ ਦਿੱਤੀ ਸੀ।