#PUNJAB

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਭਰਤਇੰਦਰ ਚਹਿਲ ਵਿਜੀਲੈਂਸ ਕੋਲ ਪੇਸ਼

ਪਟਿਆਲਾ, 29 ਨਵੰਬਰ (ਪੰਜਾਬ ਮੇਲ)- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਇੱਥੇ ਵਿਜੀਲੈਂਸ ਬਿਊਰੋ ਦੇ ਦਫਤਰ ‘ਚ ਅਧਿਕਾਰੀਆਂ ਕੋਲ ਪੇਸ਼ ਹੋਏ। ਉਹ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਦਰਜ ਕੇਸ ਵਿਚ ਪੁੱਛ ਪੜਤਾਲ ਲਈ ਆਏ ਸਨ। ਉਨ੍ਹਾਂ ਖਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ ਹੇਠ ਇਹ ਕੇਸ ਵਿਜੀਲੈਂਸ ਦੇ ਪਟਿਆਲਾ ਸਥਿਤ ਥਾਣੇ ‘ਚ 2 ਅਗਸਤ 2023 ਨੂੰ ਦਰਜ ਹੋਇਆ ਸੀ। ਵਿਜੀਲੈਂਸ ਦੀਆਂ ਟੀਮਾਂ ਉਦੋਂ ਤੋਂ ਹੀ ਉਨ੍ਹਾਂ ਦੀ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ‘ਚ ਭਾਲ ਕਰਦੀ ਆ ਰਹੀ ਸੀ ਤੇ ਚਹਿਲ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਵਿਜੀਲੈਂਸ ਵੱਲੋਂ ਚਹਿਲ ਖ਼ਿਲਾਫ਼ ਲੁੱਕਆਊਟ ਸਰਕੁਲਰ (ਐੱਲ.ਓ.ਸੀ.) ਵੀ ਜਾਰੀ ਕਰਵਾਇਆ ਗਿਆ ਸੀ। ਵਿਜੀਲੈਂਸ ਕੋਲ ਪੇਸ਼ ਲਈ ਉਹ ਪੌਣੇ ਬਾਰਾਂ ਵਜੇ ਪੁੱਜੇ ਤੇ ਇੱਕ ਘੰਟੇ ਮਗਰੋਂ ਵਾਪਸ ਚਲੇ ਗਏ। ਇਸ ਮਾਮਲੇ ਦੇ ਤਫਤੀਸ਼ੀ ਅਫਸਰ ਡੀ.ਐੱਸ.ਪੀ. ਸੱਤਪਾਲ ਸ਼ਰਮਾ ਦੇ ਦੇਸ਼ ਤੋਂ ਬਾਹਰ ਹੋਣ ਕਰ ਕੇ ਪੁੱਛ-ਪੜਤਾਲ ਦੀ ਅਗਵਾਈ ਵਿਜੀਲੈਂਸ ਦੇ ਐੱਸ.ਐੱਸ.ਪੀ. ਵੱਲੋਂ ਹੀ ਕੀਤੀ ਗਈ ਪਰ ਪੁੱਛ-ਪੜਤਾਲ ਦੇ ਵੇਰਵੇ ਨਹੀਂ ਮਿਲ ਸਕੇ। ਦੱਸਣਯੋਗ ਹੈ ਕਿ ਸ਼੍ਰ੍ਰੀ ਚਹਿਲ ਵੱਲੋਂ ਅਗਾਊਂ ਜ਼ਮਾਨਤ ਲਈ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਗਈ ਸੀ। ਇਸ ਦੌਰਾਨ ਹੀ ਅਦਾਲਤ ਨੇ ਉਨ੍ਹਾਂ ਨੂੰ ਸ਼ਰਤਾਂ ਦੇ ਆਧਾਰ ‘ਤੇ ਅਗਾਊਂ ਜ਼ਮਾਨਤ ਦੇਣ ਦੀ ਗੱਲ ਆਖੀ ਸੀ। ਇਸ ਦੌਰਾਨ ਮੁੱਖ ਤੌਰ ‘ਤੇ ਉਨ੍ਹਾਂ ਨੂੰ ਪਹਿਲਾਂ ਵਿਜੀਲੈਂਸ ਕੋਲ ਪੇਸ਼ ਹੋਣ ਲਈ ਆਖਿਆ ਗਿਆ ਸੀ। ਜ਼ਿਕਰਯੋਗ ਹੈ ਕਿ 2 ਅਗਸਤ 2023 ਨੂੰ ਦਰਜ ਕੀਤੇ ਗਏ ਇਸ ਕੇਸ ‘ਚ ਭਰਤਇੰਦਰ ਚਹਿਲ ‘ਤੇ ਆਮਦਨੀ ਨਾਲੋਂ 24 ਕਰੋੜ ਵੱਧ ਖਰਚ ਕਰਨ ਦੀ ਗੱਲ ਆਖੀ ਗਈ ਸੀ।