ਮੋਗਾ, 13 ਜੂਨ (ਪੰਜਾਬ ਮੇਲ)-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਫਿਰੋਜ਼ਪੁਰ ਤੋਂ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਖ਼ਿਲਾਫ਼ ਦਰਜ ਆਮਦਨ ਸਰੋਤਾਂ ਤੋਂ ਵੱਧ ਖਰਚ ਮਾਮਲੇ ‘ਚ ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਜਾਂਚ ਅਧਿਕਾਰੀ ਡੀ.ਐੱਸ.ਪੀ. ਰਾਜ ਕੁਮਾਰ ਨੇ ਦੱਸਿਆ ਕਿ ਵੱਢੀਖੋਰੀ ਖ਼ਿਲਾਫ਼ ਮੁਹਿੰਮ ਤਹਿਤ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਖਰਚ ਮਾਮਲੇ ਦੀ ਵਿਜੀਲੈਂਸ ਵੱਲੋਂ ਪੜਤਾਲ ਮੁਕੰਮਲ ਕੀਤੀ ਗਈ ਸੀ। ਉਨ੍ਹਾਂ ਮੁਤਾਬਕ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਮੁਲਜ਼ਮਾਂ ਖ਼ਿਲਾਫ਼ ਅਦਾਲਤ ‘ਚ ਕੇਸ ਚਲਾਉਣ ਦੀ ਮਨਜ਼ੂਰੀ ਮਗਰੋਂ ਕੇਵਲ ਕ੍ਰਿਸ਼ਨ, ਵਧੀਕ ਸੈਸ਼ਨ ਜੱਜ ਫਿਰੋਜ਼ਪੁਰ ਦੀ ਅਦਾਲਤ ‘ਚ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਹੁਣ ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਕੇ ਕੇਸ ਦੀ ਰੈਗੂਲਰ ਸੁਣਵਾਈ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ 1 ਅਪ੍ਰੈਲ 2017 ਤੋਂ 31 ਮਾਰਚ 2022 ਤੱਕ ਦੀ ਆਮਦਨ ਖਰਚ ਦੀ ਪੜਤਾਲ ਦੌਰਾਨ 1 ਅਪ੍ਰੈਲ 2017 ਨੂੰ ਕੁੱਲ 7,05,026.57 ਰੁਪਏ ਦੀ ਜਾਇਦਾਦ ਸੀ। ਇਸ ਦੌਰਾਨ ਜਾਣੂ ਵਸੀਲਿਆਂ ਤੋਂ ਕੁੱਲ 1,65,37,960 ਰੁਪਏ ਦੀ ਆਮਦਨ ਹੋਈ ਤੇ 4,33,78,427 ਰੁਪਏ ਖਰਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਚੈੱਕ ਪੀਰੀਅਡ ਦੀ ਅੰਤਿਮ ਮਿਤੀ ਨੂੰ ਮੁਲਜ਼ਮਾਂ ਕੋਲ 21,10,312.98 ਰੁਪਏ ਦੀ ਜਾਇਦਾਦ ਪਾਈ ਗਈ ਤੇ ਉਸ ਸਮੇਂ ਦੌਰਾਨ ਮੁਲਜ਼ਮਾਂ ਵੱਲੋਂ ਆਪਣੇ ਸਰੋਤ ਵਸੀਲਿਆਂ ਤੋਂ ਪ੍ਰਾਪਤ ਆਮਦਨ ਨਾਲੋਂ 2,82,45,753 ਰੁਪਏ ਵੱਧ ਖਰਚ ਕੀਤੇ ਗਏ। ਮੁੱਢਲੀ ਜਾਂਚ ‘ਚ ਦੋਸ਼ ਸਾਬਤ ਹੋਣ ਮਗਰੋਂ ਮੁਲਜ਼ਮਾਂ ਨੂੰ 18 ਸਤੰਬਰ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਹਾਈ ਕੋਰਟ ਨੇ ਉਨ੍ਹਾਂ ਨੂੰ 9 ਜਨਵਰੀ 2024 ਨੂੰ ਜ਼ਮਾਨਤ ਦੇ ਦਿੱਤੀ ਸੀ।