#INDIA

‘ਆਪ’ ਵੱਲੋਂ ਸੰਜੈ ਸਿੰਘ ਦੀ ਥਾਂ ਰਾਘਵ ਚੱਢਾ ਰਾਜ ਸਭਾ ‘ਚ ਪਾਰਟੀ ਦਾ ਨੇਤਾ ਨਿਯੁਕਤ

ਨਵੀਂ ਦਿੱਲੀ, 16 ਦਸੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਨੇ ਆਪਣੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਸੰਜੇ ਸਿੰਘ ਦੇ ਸਥਾਨ ‘ਤੇ ਰਾਜ ਸਭਾ ‘ਚ ਪਾਰਟੀ ਦੇ ਨੇਤਾ ਨਿਯੁਕਤ ਕੀਤਾ ਹੈ। ਰਾਜ ਸਭਾ ਸਪੀਕਰ ਨੂੰ ਲਿਖੇ ਪੱਤਰ ‘ਚ ‘ਆਪ’ ਪਾਰਟੀ ਦੀ ਅਗਵਾਈ ਨੇ ਕਿਹਾ ਹੈ ਕਿ ਸੰਜੇ ਸਿੰਘ ਦੀ ਗੈਰ-ਮੌਜੂਦਗੀ ‘ਚ ਰਾਘਵ ਚੱਢਾ ਹੁਣ ਤੋਂ ਉੱਚ ਸਦਨ ‘ਚ ਪਾਰਟੀ ਦੇ ਨੇਤਾ ਹੋਣਗੇ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਫਿਲਹਾਲ ਜੇਲ੍ਹ ‘ਚ ਹਨ।
ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਚੱਢਾ ਨੂੰ ਸਦਨ ਦਾ ਨੇਤਾ ਨਿਯੁਕਤ ਕਰਨ ਦੇ ਸੰਬੰਧ ‘ਚ ‘ਆਪ’ ਵਲੋਂ ਇਕ ਪੱਤਰ ਪ੍ਰਾਪਤ ਹੋਇਆ ਹੈ। ਅਮਲ ਲਈ ਪੱਤਰ ਰਾਜ ਸਭਾ ਸਕੱਤਰੇਤ ਕੋਲ ਹੈ। ਚੱਢਾ ਰਾਜ ਸਭਾ ਦੇ ਸਭ ਤੋਂ ਨੌਜਵਾਨ ਮੈਂਬਰਾਂ ‘ਚੋਂ ਇਕ ਹਨ। ਮੌਜੂਦਾ ਸਮੇਂ ਉੱਚ ਸਦਨ ‘ਚ ‘ਆਪ’ ਦੇ ਕੁੱਲ 10 ਮੈਂਬਰ ਹਨ।