ਜਲੰਧਰ, 3 ਜੂਨ (ਪੰਜਾਬ ਮੇਲ)– ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਦੇ ਜਲੰਧਰ ਸੈਂਟਰਲ ਹਲਕੇ ਵਿਚ ਜੋ ਕੌਂਸਲਰ ਹਨ, ਉਨ੍ਹਾਂ ਨੂੰ ਵੀ ਵਿਜੀਲੈਂਸ ਦਾ ਖ਼ੌਫ਼ ਸਤਾਉਣ ਲੱਗਾ ਹੈ। ਹਾਲਾਂਕਿ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਸੇ ਵੀ ਕੌਂਸਲਰ ਨੇ ਉਨ੍ਹਾਂ ਦੇ ਹੱਕ ਵਿਚ ਆਵਾਜ਼ ਨਹੀਂ ਉਠਾਈ, ਜਦਕਿ ਇਹ ਉਹੀ ਕੌਂਸਲਰ ਹਨ, ਜੋ ਵਿਰੋਧੀ ਪਾਰਟੀਆਂ ਨੂੰ ਛੱਡ ਕੇ ‘ਆਪ’ ਵਿਚ ਆਏ ਅਤੇ ਲੋਕਾਂ ਨੂੰ ਅਕਸਰ ਇਹੀ ਕਿਹਾ ਕਰਦੇ ਸਨ ਕਿ ਉਹ ਵਿਧਾਇਕ ਰਮਨ ਅਰੋੜਾ ਦੀ ਈਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨਾਲ ਜੁੜੇ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ ‘ਆਪ’ ਵਿਚ ਆਏ ਇਨ੍ਹਾਂ ਕੌਂਸਲਰਾਂ ਦਾ ਸਵਾਗਤ ਵੀ ਰਮਨ ਅਰੋੜਾ ਨੇ ਹੀ ਕੀਤਾ ਸੀ। ‘ਆਪ’ ਵਿਚ ਆਉਣ ਤੋਂ ਬਾਅਦ ਇਹ ਸਾਰੇ ਹਰ ਸਮੇਂ ਵਿਧਾਇਕ ਰਮਨ ਅਰੋੜਾ ਨਾਲ ਹੀ ਵੇਖੇ ਜਾਂਦੇ ਸਨ। ਚਹੇਤੇ ਕੌਂਸਲਰ ਵਿਧਾਇਕ ਦੇ ਕਹਿਣ ‘ਤੇ ਹੀ ਮੇਅਰ ਤੋਂ ਦੂਰੀ ਬਣਾ ਕੇ ਰੱਖਦੇ ਸਨ ਅਤੇ ਆਪਣੇ ਪ੍ਰੋਗਰਾਮਾਂ ਵਿਚ ਵੀ ਸਿਰਫ਼ ਵਿਧਾਇਕ ਨੂੰ ਹੀ ਬੁਲਾਇਆ ਕਰਦੇ ਸਨ ਪਰ ਕਿਸੇ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਸੀ ਕਿ ਇਹ ਵਿਧਾਇਕ ਦੇ ਬੁਰੇ ਵਕਤ ਵਿਚ ਉਨ੍ਹਾਂ ਦਾ ਸਾਥ ਛੱਡ ਦੇਣਗੇ। ਕੁਝ ਚਹੇਤੇ ਕੌਂਸਲਰਾਂ ਅਤੇ ‘ਆਪ’ ਵਰਕਰਾਂ ਦਾ ਇਥੋਂ ਤੱਕ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਨਹੀ ਸੀ ਕਿ ਉਨ੍ਹਾਂ ਦਾ ਵਿਧਾਇਕ ਇੰਨੇ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਕਰਦਾ ਹੈ।
‘ਆਪ’ ਵਿਧਾਇਕ ਰਮਨ ਅਰੋੜਾ ਦੇ ਚਹੇਤੇ ਕੌਂਸਲਰਾਂ ਨੂੰ ਸਤਾਉਣ ਲੱਗਾ ਵਿਜੀਲੈਂਸ ਦਾ ਖ਼ੌਫ਼
