– ਪੁੱਤ ਨੂੰ ਆਸਟਰੇਲੀਆ ਵਿਚ ਪੀ.ਆਰ. ਕਰਵਾਉਣ ਦੇ ਨਾਂ ‘ਤੇ 50 ਲੱਖ ਰੁਪਏ ਠੱਗਣ ਦਾ ਦੋਸ਼
ਲੁਧਿਆਣਾ, 11 ਫਰਵਰੀ (ਪੰਜਾਬ ਮੇਲ)- ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਤੋਂ ‘ਆਪ’ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦੇ ਪਰਿਵਾਰ ਨੇ ਆਪਣੀ ਨੂੰਹ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਨਵਕਿਰਨਜੀਤ ਸਿੰਘ ਨਾਲ ਆਸਟਰੇਲੀਆ ਵਿਚ ਪੀ.ਆਰ. ਕਰਵਾਉਣ ਦੇ ਨਾਂ ‘ਤੇ 50 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ।
ਵਿਧਾਇਕਾ ਦੇ ਪਤੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਡਾਬਾ ਪੁਲਿਸ ਨੇ ਵਿਧਾਇਕਾ ਦੀ ਨੂੰਹ ਨਵਨੀਤ ਕੌਰ (ਜੋ ਇਸ ਵੇਲੇ ਆਸਟਰੇਲੀਆ ਵਿਚ ਹੈ) ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੇਜਾ ਸਿੰਘ ਨਾਗਰਾ, ਹਰਪਾਲ ਕੌਰ (ਮਾਂ), ਕਾਕਾ ਸਿੰਘ (ਰਿਸ਼ਤੇਦਾਰ), ਅਮਰ ਸਿੰਘ ਨਾਗਰਾ, ਸੁਖਦੇਵ ਸਿੰਘ ਪਟਵਾਰੀ ਅਤੇ ਪਟਵਾਰੀ ਦੀ ਪਤਨੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਸ਼ਿਕਾਇਤ ਅਨੁਸਾਰ ਨਵਕਿਰਨਜੀਤ ਦਾ ਵਿਆਹ ਮੋਹਾਲੀ ਦੀ ਨਵਨੀਤ ਕੌਰ ਨਾਲ ਇਸ ਸਮਝੌਤੇ ਤਹਿਤ ਹੋਇਆ ਸੀ ਕਿ ਦੋਵੇਂ ਆਸਟਰੇਲੀਆ ਵਸਣਗੇ। ਵਿਧਾਇਕਾ ਦੇ ਪਰਿਵਾਰ ਨੇ ਨਵਨੀਤ ਨੂੰ ਵਿਦੇਸ਼ ਭੇਜਣ ਲਈ 50 ਲੱਖ ਰੁਪਏ ਖਰਚੇ। 2018 ਵਿਚ ਨਵਕਿਰਨਜੀਤ ਵੀ ਸਪਾਊਸ ਵੀਜ਼ੇ ‘ਤੇ ਆਸਟਰੇਲੀਆ ਚਲਾ ਗਿਆ ਅਤੇ ਦੋਵਾਂ ਨੇ ਸਾਂਝੇ ਤੌਰ ‘ਤੇ ਪੀ.ਆਰ. ਲਈ ਅਰਜ਼ੀ ਦਿੱਤੀ। ਇਸ ਦੌਰਾਨ ਲੁਧਿਆਣਾ ਵਿਚ ਦੋਵਾਂ ਪਰਿਵਾਰਾਂ ਵਿਚਾਲੇ ਸੋਨੇ ਦੇ ਗਹਿਣਿਆਂ ਨੂੰ ਲੈ ਕੇ ਵਿਵਾਦ ਹੋ ਗਿਆ। ਜਦੋਂ ਨਵਕਿਰਨਜੀਤ ਨੇ ਇਸ ਬਾਰੇ ਪਤਨੀ ਨਾਲ ਗੱਲ ਕੀਤੀ, ਤਾਂ ਝਗੜਾ ਵਧ ਗਿਆ ਅਤੇ ਨਵਨੀਤ ਨੇ ਕਥਿਤ ਤੌਰ ‘ਤੇ ਪੀ.ਆਰ. ਫਾਈਲ ਤੋਂ ਨਵਕਿਰਨਜੀਤ ਦਾ ਨਾਂ ਵਾਪਸ ਲੈ ਲਿਆ। ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਇਸ ਨੂੰ ਨਿੱਜੀ ਮਾਮਲਾ ਦੱਸਦਿਆਂ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
‘ਆਪ’ ਵਿਧਾਇਕਾ ਦੇ ਪਰਿਵਾਰ ਵੱਲੋਂ ਨੂੰਹ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
